ਸੰਭਲ ’ਚ ਮਿਲਿਆ ‘ਮੌਤ ਦਾ ਖੂਹ’, ਪ੍ਰਸ਼ਾਸਨ ਨੇ ਸ਼ੁਰੂ ਕੀਤੀ ਖੋਦਾਈ, ਪੁਰਾਣਾਂ ’ਚ ਵੀ ਜ਼ਿਕਰ ਹੋਣ ਦਾ ਦਾਅਵਾ

Thursday, Dec 26, 2024 - 10:30 PM (IST)

ਸੰਭਲ ’ਚ ਮਿਲਿਆ ‘ਮੌਤ ਦਾ ਖੂਹ’, ਪ੍ਰਸ਼ਾਸਨ ਨੇ ਸ਼ੁਰੂ ਕੀਤੀ ਖੋਦਾਈ, ਪੁਰਾਣਾਂ ’ਚ ਵੀ ਜ਼ਿਕਰ ਹੋਣ ਦਾ ਦਾਅਵਾ

ਸੰਭਲ (ਉੱਤਰ ਪ੍ਰਦੇਸ਼), (ਭਾਸ਼ਾ)- ਜ਼ਿਲਾ ਪ੍ਰਸ਼ਾਸਨ ਨੇ ਸੰਭਲ ਕੋਤਵਾਲੀ ਥਾਣੇ ਅਧੀਨ ਪੈਂਦੇ ਕੋਟ ਪੂਰਬੀ ’ਚ ਪੁਰਾਤਣ ‘ਮੌਤ ਦੇ ਖੂਹ’ ਦੀ ਖੋਦਾਈ ਅਤੇ ਮੁੜ-ਸਥਾਪਨਾ ਦਾ ਕੰਮ ਵੀਰਵਾਰ ਨੂੰ ਸ਼ੁਰੂ ਕਰ ਦਿੱਤਾ। ਸੰਭਲ ’ਚ, ਪੁਰਾਣਾਂ ’ਚ ਵਰਣਨ ਕੀਤੇ, ਬਹੁਤ ਹੀ ਪੁਰਾਤਣ ਅਤੇ ਧਾਰਮਿਕ ਮਹੱਤਵ ਦੇ ਮੰਨੇ ਦਾਣ ਵਾਲੇ ਖੂਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਖੋਦਾਈ ਅਤੇ ਮੁੜ-ਸਥਾਪਨਾ ਦੀ ਪਹਿਲ ਦੇ ਤਹਿਤ ਇਹ ਕੰਮ ਕੀਤਾ ਜਾ ਰਿਹਾ ਹੈ।

ਸਥਾਨਕ ਲੋਕਾਂ ਅਨੁਸਾਰ ਕਈ ਸਾਲ ਪਹਿਲਾਂ ਇਨ੍ਹਾਂ ਖੂਹਾਂ ਨੂੰ ਜਾਂ ਤਾਂ ਇਸੇ ਤਰ੍ਹਾਂ ਛੱਡ ਦਿੱਤਾ ਗਿਆ ਸੀ ਜਾਂ ਇਨ੍ਹਾਂ ’ਚ ਮਲਬਾ ਭਰ ਕੇ ਪੂਰ ਦਿੱਤਾ ਗਿਆ ਸੀ। ਇਤਿਹਾਸਕ ਮਹੱਤਤਾ ਵਾਲੇ ਇਨ੍ਹਾਂ ਖੂਹਾਂ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੇ ਪਾਣੀ ’ਚ ਇਸ਼ਨਾਨ ਕਰਨ ਨਾਲ ਮੁਕਤੀ ਮਿਲਦੀ ਹੈ। ਇਸ ਦਰਮਿਆਨ ਏ. ਐੱਸ. ਆਈ. ਟੀਮ ਨੇ ਸੰਭਲ ’ਚ ਬਦ੍ਰਿਕਾ ਆਸ਼ਰਮ ਦਾ ਸਰਵੇਖਣ ਕੀਤਾ।

ਇਲਾਕੇ ਦੇ ਕੌਂਸਲਰ ਗਗਨ ਵਾਰਸ਼ਣੇਯ ਨੇ ਕਿਹਾ ਕਿ ਅੱਜ ਸੰਭਲ ਦੇ ਇਤਿਹਾਸਕ ‘ਮੌਤ ਦੇ ਖੂਹ’ ਦੀ ਖੋਦਾਈ ਸ਼ੁਰੂ ਕੀਤੀ ਗਈ ਹੈ। ਇਹ ਬਹੁਤ ਹੀ ਪੁਰਾਤਣ ਖੂਹ ਹੈ। ਇਹ ਖੋਦਾਈ ਨਗਰ ਪਾਲਿਕਾ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ‘ਮੌਤ ਦੇ ਖੂਹ’ ਬਾਰੇ ਮਾਨਤਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਮੁਕਤੀ ਮਿਲਦੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ‘ਮੌਤ ਦੇ ਖੂਹ’ ਦੀ ਖੋਦਾਈ ਅਤੇ ਮੁੜ-ਸਥਾਪਨਾ ਨਾਲ ਸੰਭਲ ਵਿਚ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਹ ਖੂਹ ਸ਼ਾਹੀ ਜਾਮਾ ਮਸਜਿਦ ਦੇ ਕੋਲ ਹੈ, ਜਿੱਥੇ ਪਿਛਲੇ ਮਹੀਨੇ ਇਕ ਸਰਵੇਖਣ ਦੌਰਾਨ ਹਿੰਸਾ ’ਚ 4 ਲੋਕਾਂ ਦੀ ਮੌਤ ਹੋ ਗਈ ਸੀ।


author

Rakesh

Content Editor

Related News