ਸੱਜਣ ਕੁਮਾਰ ਤੇ ਟਾਈਟਲਰ ਦੀ ਸਜ਼ਾ ਨੂੰ ਵੀ ਉਡੀਕ ਰਹੇ ਨੇ '84 ਦੰਗਿਆਂ ਦੇ ਪੀੜਤ

Wednesday, Nov 21, 2018 - 06:21 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਕ ਅਦਾਲਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਯਸ਼ਪਾਲ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਪੀੜਤਾਂ ਲਈ ਉਮੀਦ ਦੀ ਕਿਰਨ ਬਣ ਕੇ ਆਈ ਹੈ, ਜਿਨ੍ਹਾਂ ਨੂੰ ਹੁਣ ਕਾਂਗਰਸ ਨੇਤਾਵਾਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਵੀ ਸਜ਼ਾ ਮਿਲਣ ਦੀ ਉਡੀਕ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਦੇ ਮਹਿਪਾਲਪੁਰ ਇਲਾਕੇ ਵਿਚ ਸਿੱਖ ਵਿਰੋਧੀ ਦੰਗਿਆਂ ਦੌਰਾਨ 2 ਸਿੱਖਾਂ ਦਾ ਕਤਲ ਕਰਨ ਦੇ ਦੋਸ਼ੀ ਯਸ਼ਪਾਲ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ ਇਹ ਪਹਿਲੀ ਮੌਤ ਦੀ ਸਜ਼ਾ ਹੈ। ਮਾਮਲੇ ਵਿਚ ਦੂਜੇ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।


ਦੰਗਿਆਂ ਵਿਚ ਪਿਤਾ ਸਮੇਤ ਆਪਣੇ ਪਰਿਵਾਰ ਦੇ 11 ਲੋਕਾਂ ਨੂੰ ਗਵਾਉਣ ਵਾਲੀ ਗੰਗਾ ਕੌਰ ਨੇ ਕਿਹਾ, ''ਅਸੀਂ ਇਸ ਫੈਸਲੇ ਤੋਂ ਨਿਸ਼ਚਿਤ ਤੌਰ 'ਤੇ ਖੁਸ਼ ਹਾਂ। ਹਾਂ ਇਹ ਹੋਰ ਚੰਗਾ ਹੁੰਦਾ, ਜੇਕਰ ਦੂਜੇ ਦੋਸ਼ੀ ਨੂੰ ਵੀ ਫਾਂਸੀ ਦੀ ਸਜ਼ਾ ਮਿਲਦੀ ਪਰ ਫਿਰ ਵੀ ਅਸੀਂ ਪੂਰੇ ਦਿਲ ਨਾਲ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਂਝ ਵੀ ਇਹ ਸਭ ਛੋਟੀਆਂ ਮੱਛੀਆਂ ਹਨ। ਹੁਣ ਅਸੀਂ ਮਗਰਮੱਛ ਦੇ ਫਸਣ ਦੀ ਉਡੀਕ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਹ ਇਸ ਸਰਕਾਰ ਦੇ ਸ਼ਾਸਨ ਵਿਚ ਮੁਮਕਿਨ ਹੈ।''

ਦੱਸਣਯੋਗ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਮੰਗਲਵਾਰ ਭਾਵ ਕੱਲ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਲੱਗਭਗ 34 ਸਾਲਾਂ ਬਾਅਦ ਪੀੜਤ ਪਰਿਵਾਰਾਂ ਨੂੰ ਨਿਆਂ ਮਿਲਿਆ ਹੈ, ਜਿਸ ਦਾ ਉਨ੍ਹਾਂ ਨੇ ਸਵਾਗਤ ਕੀਤਾ ਹੈ। ਸਾਲ 1994 'ਚ ਦਿੱਲੀ ਪੁਲਸ ਨੇ ਇਸ ਮਾਮਲੇ ਨੂੰ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਸੀ। ਸਾਲ 2015 ਵਿਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਅੰਜਾਮ ਤਕ ਪਹੰਚਾਇਆ।


Tanu

Content Editor

Related News