ਮੈਨੂੰ ''ਭਗਵਾ ਰੰਗ'' ''ਚ ਰੰਗਨਾ ਚਾਹੁੰਦੀ ਹੈ ਭਾਜਪਾ : ਰਜਨੀਕਾਂਤ

11/08/2019 2:11:27 PM

ਚੇਨਈ— ਤਮਿਲ ਕਵੀ ਅਤੇ ਸੰਤ ਤਿਰੂਵਲੁਵਰ ਨੂੰ ਭਾਜਪਾ ਵਲੋਂ ਭਗਵਾ ਕੱਪੜੇ 'ਚ ਦਿਖਾਏ ਜਾਣ 'ਤੇ ਰਾਜਨੀਤੀ ਤੇਜ਼ ਹੋ ਗਈ ਹੈ। ਸੁਪਰਸਟਾਰ ਰਜਨੀਕਾਂਤ ਨੇ ਵੀ ਹੁਣ ਇਸ ਮੁੱਦੇ 'ਤੇ ਭਾਜਪਾ 'ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮੇਸ਼ਾ ਤਾਰੀਫ਼ ਕਰਨ ਵਾਲੇ ਰਜਨੀਕਾਂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਜਪਾ ਮੈਨੂੰ ਵੀ ਲੰਬੇ ਸਮੇਂ ਤੋਂ ਭਗਵਾ ਰੰਗ 'ਚ ਰੰਗਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਭਾਜਪਾ ਮੈਨੂੰ ਵੀ ਤਿਰੂਵਲੁਵਰ ਦੀ ਤਰ੍ਹਾਂ ਭਗਵਾ ਰੰਗ 'ਚ ਰੰਗਨਾ ਚਾਹੁੰਦੀ ਹੈ ਪਰ ਮੈਂ ਉਨ੍ਹਾਂ ਦੇ ਜਾਲ 'ਚ ਫਸਣ ਵਾਲਾ ਨਹੀਂ ਹਾਂ।'' ਉਨ੍ਹਾਂ ਨੇ ਕਿਹਾ,''ਮੈਂ ਖੁਦ ਤੈਅ ਕਰਾਂਗਾ ਕਿ ਮੈਂ ਕਿਹੜੀ ਪਾਰਟੀ ਜੁਆਇਨ ਕਰਨੀ ਹੈ। ਬਿਨਾਂ ਕਾਰਨ ਮੈਨੂੰ ਭਗਵਾ ਰੰਗ 'ਚ ਨਾ ਰੰਗਿਆ ਜਾਵੇ।'' ਦੱਸਣਯੋਗ ਹੈ ਕਿ ਤਾਮਿਲਨਾਡੂ 'ਚ 2021 'ਚ ਵਿਧਾਨ ਸਭਾ ਚੋਣਾਂ ਹਨ। ਉਸ ਤੋਂ ਠੀਕ ਪਹਿਲਾਂ ਰਜਨੀਕਾਂਤ ਦੇ ਇਹ ਤੇਵਰ ਭਾਜਪਾ ਦੀ ਚਿੰਤਾ ਵਧਾ ਸਕਦੇ ਹਨ।

ਇਹ ਹੈ ਪੂਰਾ ਮਾਮਲਾ
ਦਰਅਸਲ ਪਿਛਲੇ ਹਫ਼ਤੇ ਬੈਂਕਾਕ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਿਲ ਕਵੀ ਤਿਰੂਵਲੁਵਰ 'ਤੇ ਇਕ ਕਿਤਾਬ ਰਿਲੀਜ਼ ਕੀਤੀ। ਇਸ ਤੋਂ ਬਾਅਦ ਪਾਰਟੀ ਦੀ ਤਾਮਿਲਨਾਡੂ ਇਕਾਈ ਨੇ ਇਕ ਮਸ਼ਹੂਰ ਕਵੀ ਦੀ ਤਸਵੀਰ ਟਵੀਟ ਕੀਤੀ, ਜਿਸ 'ਚ ਉਨ੍ਹਾਂ ਨੂੰ ਭਗਵਾ ਕੱਪੜਿਆਂ 'ਚ ਦਿਖਾਇਆ ਗਿਆ ਸੀ। ਇਸੇ ਤਸਵੀਰ ਨੂੰ ਲੈ ਕੇ ਭਾਜਪਾ ਅਤੇ ਸਟਾਲਿਨ ਦੀ ਅਗਵਾਈ ਵਾਲੀ ਡੀ.ਐੱਮ.ਕੇ. ਦਰਮਿਆਨ ਵਿਵਾਦ ਸ਼ੁਰੂ ਹੋ ਗਿਆ। 'ਭਗਵਾਕਰਨ' ਨਾਲ ਜੁੜੇ ਇਸ ਵਿਵਾਦ 'ਚ ਸ਼ੁੱਕਰਵਾਰ ਨੂੰ ਰਜਨੀਕਾਂਤ ਵੀ ਆ ਗਏ ਅਤੇ ਉਨ੍ਹਾਂ ਨੂੰ ਦੋਸ਼ ਲਗਾਇਆ ਕਿ ਪਾਰਟੀ ਉਨ੍ਹਾਂ ਨੂੰ ਵੀ ਭਗਵਾ ਰੰਗ 'ਚ ਰੰਗਨਾ ਚਾਹੁੰਦੀ ਹੈ।

ਰਜਨੀਕਾਂਤ ਨੇ ਆਪਣੇ ਘਰ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਅਯੁੱਧਿਆ ਵਿਵਾਦ 'ਤੇ ਜੋ ਵੀ ਫੈਸਲਾ ਆਏ, ਸਾਰੇ ਉਸ ਦਾ ਸਨਮਾਨ ਕਰਨ ਅਤੇ ਸ਼ਾਂਤੀ ਬਣਾਏ ਰੱਖਣ। ਅਯੁੱਧਿਆ ਮਾਮਲੇ 'ਤੇ 17 ਨਵੰਬਰ ਤੋਂ ਪਹਿਲਾਂ ਕਿਸੇ ਵੀ ਦਿਨ ਫਾਈਨਲ ਫੈਸਲਾ ਆ ਸਕਦਾ ਹੈ, ਜਿਸ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਉਸ ਦੇ ਨੇੜੇ-ਤੇੜੇ ਦੇ ਰਾਜਾਂ ਤੋਂ ਇਲਾਵਾ ਦੇਸ਼ ਭਰ ਦੇ ਮੁੱਖ ਸ਼ਹਿਰਾਂ 'ਚ ਅਲਰਟ ਜਾਰੀ ਕੀਤਾ ਗਿਆ ਹੈ।


DIsha

Content Editor

Related News