ਗਿਲਾਨੀ ਦੀ ਅੰਤਿਮ ਇੱਛਾ ਬਾਰੇ ਵਾਇਰਲ ਹੋਏ ਵੀਡੀਓ ਦੀ ਜਾਂਚ ਸ਼ੁਰੂ

02/21/2020 9:54:41 AM

ਸ਼੍ਰੀਨਗਰ— ਪੁਲਸ ਨੇ ਕੱਟੜਪੰਥੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੀ ਅੰਤਿਮ ਇੱਛਾ ਸਬੰਧੀ ਵਾਇਰਲ ਹੋਏ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 2 ਘਰੇਲੂ ਨੌਕਰਾਂ ਨੂੰ ਹਿਰਾਸਤ ਵਿਚ ਲੈਣ ਪਿੱਛੋਂ ਪੁਲਸ ਕੁਝ ਹੋਰਨਾਂ ਲੋਕਾਂ ਦੀ ਨਿਸ਼ਾਨਦੇਹੀ ਵਿਚ ਜੁਟ ਗਈ ਹੈ। ਪਿਛਲੇ ਹਫਤੇ ਸੋਸ਼ਲ ਮੀਡੀਆ ਵਿਚ ਵਾਇਰਲ ਹੋਏ ਉਕਤ ਵੀਡੀਓ ਵਿਚ ਬੀਮਾਰ ਗਿਲਾਨੀ ਨੂੰ ਆਪਣੀ ਅੰਤਿਮ ਇੱਛਾ ਪ੍ਰਗਟ ਕਰਦਿਆਂ ਵਿਖਾਇਆ ਗਿਆ ਹੈ। ਇਸ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੋਪੋਰ ਵਿਚ ਉਨ੍ਹਾਂ ਦੇ ਜੱਦੀ ਕਬਰਸਤਾਨ ਵਿਚ ਨਹੀਂ, ਸਗੋਂ ਸ਼੍ਰੀਨਗਰ ਦੇ ਮਜਾਰ-ਏ-ਸ਼ੋਹਦਾ ਈਦਗਾਹ ਵਿਖੇ ਦਫਨਾਇਆ ਜਾਏ।

ਪੁਲਸ ਸੂਤਰਾਂ ਨੇ ਦੱਸਿਆ ਕਿ ਗਿਲਾਨੀ ਦੇ ਇਕ ਘਰੇਲੂ ਨੌਕਰ ਸਿਰਾਜੂਦੀਨ ਅਤੇ ਇਕ ਹੋਰ ਨੂੰ ਬੁੱਧਵਾਰ ਰਾਤ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ। ਦੋਹਾਂ ਕੋਲੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕਿਸ ਨੇ ਤਿਆਰ ਕੀਤੀ ਸੀ ਅਤੇ ਕੌਣ ਇਸ ਨੂੰ ਗਿਲਾਨੀ ਦੇ ਘਰ ਵਿਖੇ ਤਾਇਨਾਤ ਪੁਲਸ ਅਤੇ ਸੀ.ਆਰ. ਪੀ.ਐੱਫ. ਦੇ ਭਾਰੀ ਪਹਿਰੇ ਦੇ ਬਾਵਜੂਦ ਬਾਹਰ ਪਹੁੰਚਾਉਣ ਵਿਚ ਸਫਲ ਰਿਹਾ। ਕੱਟੜਪੰਥੀ ਨੇਤਾ ਦੇ ਘਰ ਸਬਜ਼ੀਆਂ, ਦਾਲਾਂ ਅਤੇ ਹੋਰ ਰਾਸ਼ਨ ਆਦਿ ਪਹੁੰਚਾਉਣ ਵਾਲੇ ਅਨਸਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਵੀਡੀਓ ਦੇ ਵਾਇਰਲ ਹੋਣ ਪਿੱਛੋਂ ਹੈਰਾਨ ਹੋਈਆਂ ਸੁਰੱਖਿਆ ਏਜੰਸੀਆਂ ਨੇ ਗਿਲਾਨੀ ਦੇ ਘਰ ਦੀ ਨਿਗਰਾਨੀ ਹੋਰ ਵੀ ਸਖ਼ਤ ਕਰ ਦਿੱਤੀ ਹੈ। ਘਰ ਦੇ ਬਾਹਰ ਕਈ ਹੋਰ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ।


DIsha

Content Editor

Related News