ਰਾਜਸਥਾਨ 'ਚ ਆਇਆ ਸਿਆਸੀ ਤੂਫ਼ਾਨ, ਗਹਿਲੋਤ ਸਰਕਾਰ 'ਤੇ ਛਾਏ ਸੰਕਟ ਦੇ ਬੱਦਲ

07/13/2020 10:57:27 AM

ਜੈਪੁਰ— ਰਾਜਸਥਾਨ ਵਿਚ ਕੱਲ ਤੋਂ ਹੀ ਸਿਆਸੀ ਤੂਫ਼ਾਨ ਆਇਆ ਹੋਇਆ ਹੈ। ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਬਾਗੀ ਤੇਵਰਾਂ ਤੋਂ ਬਾਅਦ ਅਸ਼ੋਕ ਗਹਿਲੋਤ ਦੀ ਸਰਕਾਰ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 30 ਦੇ ਕਰੀਬ ਵਿਧਾਇਕ ਹਨ ਅਤੇ ਸਾਰੇ ਉਨ੍ਹਾਂ ਨਾਲ ਜੈਪੁਰ ਤੋਂ ਬਾਹਰ ਹਨ। ਜਿਸ ਕਾਰਨ ਗਹਿਲੋਤ ਸਰਕਾਰ ਘੱਟ ਗਿਣਤੀ 'ਚ ਆ ਸਕਦੀ ਹੈ। 

ਇਕ ਅਧਿਕਾਰਤ ਬਿਆਨ ਵਿਚ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਉਹ ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਖ਼ਫਾ ਚੱਲ ਰਹੇ ਸਚਿਨ ਪਾਇਲਟ ਦੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਖ਼ਬਰਾਂ ਇਹ ਵੀ ਹਨ ਕਿ ਸਚਿਨ ਪਾਇਲਟ ਨਵੀਂ ਪਾਰਟੀ ਬਣਾ ਸਕਦੇ ਹਨ। ਦੱਸ ਦੇਈਏ ਕਿ ਐਤਵਾਰ ਨੂੰ ਸਚਿਨ ਨੇ ਸਾਬਕਾ ਕਾਂਗਰਸੀ ਸਾਥੀ ਅਤੇ ਭਾਜਪਾ ਨੇਤਾ ਜੋਤੀਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ। ਜਿਸ ਤੋਂ ਅਟਕਲਾਂ ਲਾਈਆਂ ਜਾਣ ਲੱਗੀਆਂ ਕਿ ਸਚਿਨ ਵੀ ਭਾਜਪਾ ਦਾ ਪੱਲਾ ਫੜ ਸਕਦੇ ਹਨ। 

ਦਰਅਸਲ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ 'ਚ ਰਾਜਸਥਾਨ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੀ ਆਰ-ਪਾਰ ਦੀ ਲੜਾਈ ਜਾਰੀ ਹੈ ਪਰ ਮੌਜੂਦਾ ਸਮੇਂ ਵਿਚ ਇਹ ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਸਰਕਾਰ ਡਿਗਾਉਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਪਾਰਟੀ ਅੰਦਰ ਵੀ ਕੁਝ ਠੀਕ ਨਹੀਂ ਚੱਲ ਰਿਹਾ। ਇਸ ਦੀ ਜਾਂਚ ਲਈ ਇਕ ਗਰੁੱਪ ਬਣਾਇਆ ਗਿਆ, ਜਿਸ ਨੂੰ ਸਚਿਨ ਪਾਇਲਟ ਨੂੰ ਪੁੱਛ-ਗਿੱਛ ਲਈ ਨੋਟਿਸ ਭੇਜ ਦਿੱਤਾ। ਹਾਲਾਂਕਿ ਇਹ ਨੋਟਿਸ ਮੁੱਖ ਮੰਤਰੀ ਗਹਿਲੋਤ ਨੂੰ ਵੀ ਗਿਆ ਸੀ। ਇਸ ਤੋਂ ਬਾਅ ਵਿਵਾਦ ਵੱਧ ਗਿਆ। ਸਚਿਨ ਪਾਇਲਟ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਅਤੇ ਰਾਜਸਥਾਨ ਵਿਚ ਜ਼ਿਮਨੀ ਚੋਣਾਂ, ਪੰਚਾਇਤ ਚੋਣਾਂ ਵੀ ਹੋਣ ਵਾਲੀਆਂ ਹਨ।


Tanu

Content Editor

Related News