2 ਔਰਤਾਂ ਦੀ ਐਂਟਰੀ ਮਗਰੋਂ ਸਬਰੀਮਾਲਾ ਮੰਦਰ ਦਾ ਕੀਤਾ 'ਸ਼ੁੱਧੀਕਰਨ'
Wednesday, Jan 02, 2019 - 12:53 PM (IST)

ਕੇਰਲ (ਭਾਸ਼ਾ)— ਕੇਰਲ ਦੇ ਸਬਰੀਮਾਲਾ ਮੰਦਰ 'ਚ ਸਥਿਤ ਭਗਵਾਨ ਅਯੱਪਾ ਦੇ 2 ਔਰਤਾਂ ਨੇ ਤੜਕਸਾਰ ਦਰਸ਼ਨ ਕੀਤੇ, ਜਿਸ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਮੰਦਰ ਦੀ ਸ਼ੁੱਧੀ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸ਼ੁੱਧੀਕਰਨ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਗਏ। ਸਬਰੀਮਾਲਾ ਵਿਚ ਅੱਜ ਸਦੀਆਂ ਪੁਰਾਣੀ ਪਰੰਪਰਾ ਟੁੱਟ ਗਈ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਸਬਰੀਮਾਲਾ ਮੰਦਰ ਵਿਚ ਬੁੱਧਵਾਰ ਤੜਕੇ 2 ਔਰਤਾਂ ਨੇ ਐਂਟਰੀ ਕੀਤੀ। 2 ਔਰਤਾਂ ਕਰਨਦੁਰਗਾ (42) ਅਤੇ ਬਿੰਦੂ (44) ਨੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ।
ਸਖਤ ਸੁਰੱਖਿਆ ਦਰਮਿਆਨ ਇਨ੍ਹਾਂ ਔਰਤਾਂ ਨੇ ਮੰਦਰ 'ਚ ਦਰਸ਼ਨ ਕੀਤੇ ਸਨ। ਇਨ੍ਹਾਂ ਔਰਤਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਵੀ ਮੰਦਰ ਦੇ ਦਰਸ਼ਨਾਂ ਦੀ ਕੋਸ਼ਿਸ਼ ਕੀਤੀ ਸੀ ਪਰ ਵਿਰੋਧ ਕਾਰਨ ਵਾਪਸ ਪਰਤਣਾ ਪਿਆ। ਆਖਰਕਾਰ 2 ਜਨਵਰੀ ਨੂੰ ਸਵੇਰੇ 3.45 'ਤੇ ਉਹ ਦੋਵੇਂ ਦਰਸ਼ਨ ਕਰ ਸਕੀਆਂ।
ਇਨ੍ਹਾਂ ਦੋਹਾਂ ਔਰਤਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਕਾਲੇ ਰੰਗ ਦੇ ਕੱਪੜੇ ਪਹਿਨੇ ਅਤੇ ਸਿਰ ਢੱਕ ਕੇ ਮੰਦਰ ਵਿਚ ਐਂਟਰੀ ਕਰਦੀਆਂ ਨਜ਼ਰ ਆ ਰਹੀਆਂ ਹਨ। ਪੁਲਸ ਸੂਤਰਾਂ ਨੇ ਪੁਲਸ ਜਨਰਲ ਡਾਇਰੈਕਟਰ ਲੋਕਨਾਥ ਬਹਿਰਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੇ ਸਬੰਧ 'ਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਵਿਚ ਐਂਟਰੀ ਦੀ ਆਗਿਆ ਦੇਣ ਦਾ ਹੁਕਮ ਦਿੱਤਾ ਸੀ। ਕੋਰਟ ਦੇ ਇਸ ਹੁਕਮ ਮਗਰੋਂ ਵੀ ਮੰਦਰ 'ਚ 10 ਤੋਂ 50 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਐਂਟਰੀ ਨੂੰ ਲੈ ਕੇ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਕੁਝ ਸੰਗਠਨਾਂ ਵਲੋਂ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।