''ਪਾਕਿ ਨਾਲ POK ''ਤੇ ਹੀ ਹੋਵੇਗੀ ਗੱਲ'', ਜੈਸ਼ੰਕਰ ਬੋਲੇ- ਸਿੰਧੂ ਜਲ ਸਮਝੌਤਾ ਰਹੇਗਾ ਮੁਅੱਤਲ
Thursday, May 15, 2025 - 07:13 PM (IST)

ਨੈਸ਼ਨਲ ਡੈਸਕ- ਪਾਕਿਸਤਾਨ ਅਤੇ ਪੀਓਕੇ 'ਚ ਬੈਠੇ ਅੱਤਵਾਦ ਦੇ ਆਕਾਵਾਂ ਵਿਰੁੱਧ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ ਸੀ। ਇਸ ਆਪਰੇਸ਼ਨ ਤਹਿਤ ਅੱਤਵਾਦੀਆਂ ਦੇ 9 ਟਿਕਾਣਿਆਂ 'ਤੇ ਸਟ੍ਰਾਈਕ ਕੀਤੀ ਗਈ ਜਿਸ ਵਿਚ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ। ਆਪਰੇਸ਼ਨ ਸਿੰਦੂਰ ਦੇ ਸਫਲ ਹੋਣ ਤੋਂ ਬਾਅਦ ਅੱਜ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਬੰਦ ਕਰਨਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡੇ ਸੰਬੰਧ ਅਤੇ ਵਪਾਰ ਪੂਰੀ ਤਰ੍ਹਾਂ ਦੋ-ਪੱਖੀ ਹੋਣਗੇ। ਇਹ ਸਾਲਾਂ ਤੋਂ ਰਾਸ਼ਟਰੀ ਸਹਿਮਤੀ ਹੈ ਅਤੇ ਇਸ ਵਿਚ ਬਿਲਕੁਲ ਵੀ ਬਦਲਾਅ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਸਿਰਫ ਅੱਤਵਾਦ ਅਤੇ ਪੀਓਕੇ 'ਤੇ ਹੀ ਹੋਵੇਗੀ। ਪਾਕਿਸਤਾਨ ਕੋਲ ਅੱਤਵਾਦੀਆਂ ਦੀ ਇਕ ਸੂਚੀ ਹੈ ਜਿਸਨੂੰ ਸੌਂਪਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਬੰਦ ਕਰਨਾ ਹੋਵੇਗਾ। ਉਹ ਜਾਣਦੇ ਹਨ ਕਿ ਕੀ ਕਰਨਾ ਹੈ। ਅਸੀਂ ਉਨ੍ਹਾਂ ਦੇ ਨਾਲ ਅੱਤਵਾਦ ਬਾਰੇ ਚਰਚਾ ਕਰਨ ਲਈ ਤਿਆਰ ਹਾਂ।
ਸਿੰਧੂ ਜਲ ਸੰਧੀ ਰਹੇਗੀ ਮੁਅੱਤਲ
ਇਸਦੇ ਨਾਲ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਦੂ ਜਲ ਸੰਧੀ ਮੁਅੱਤਲ ਹੋਣ ਦੇ ਫੈਸਲੇ 'ਤੇ ਵੀ ਕਿਹਾ ਕਿ ਅਜੇ ਸਿੰਧੂ ਜਲ ਸੰਧੀ ਮੁਅੱਤਲ ਹੈ ਅਤੇ ਉਦੋਂ ਤਕ ਮੁਅੱਤਲ ਰਹੇਗੀ ਜਦੋਂ ਤਕ ਪਾਕਿਸਤਾਨ ਵਲੋਂ ਸਰਹੱਦ ਪਾਰ ਅੱਤਵਾਦ ਨੂੰ ਭਰੋਸੇਯੋਗ ਅਤੇ ਅਟੱਲ ਰੂਪ ਨਾਲ ਨਹੀਂ ਰੋਕਿਆ ਜਾਂਦਾ। ਕਸ਼ਮੀਰ 'ਤੇ ਚਰਚਾ ਲਈ ਇਕਮਾਤਰ ਮੁੱਦਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕਬਜ਼ੇ ਵਾਲੇ ਭਾਰਤੀ ਇਲਾਕੇ ਨੂੰ ਖਾਲੀ ਕਰਨਾ ਪਵੇਗਾ, ਅਸੀਂ ਉਸ ਚਰਚਾ ਲਈ ਤਿਆਰ ਹਾਂ।
#WATCH | Delhi | "Our relations and dealings with Pakistan will be strictly bilateral. That is a national consensus for years, and there is absolutely no change in that. The prime minister made it very clear that talks with Pakistan will be only on terror. Pakistan has a list of… pic.twitter.com/j9lugNSpsd
— ANI (@ANI) May 15, 2025
ਇਸ ਤੋਂ ਬਾਅਦ ਅਮਰੀਕਾ ਨਾਲ ਵਪਾਰ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਚੱਲ ਰਹੀ ਹੈ। ਇਹ ਗੁੰਝਲਦਾਰ ਗੱਲਬਾਤਾਂ ਹਨ। ਜਦੋਂ ਤੱਕ ਸਭ ਕੁਝ ਤੈਅ ਨਹੀਂ ਹੋ ਜਾਂਦਾ, ਕੁਝ ਵੀ ਤੈਅ ਨਹੀਂ ਹੁੰਦਾ। ਕੋਈ ਵੀ ਵਪਾਰਕ ਸੌਦਾ ਆਪਸੀ ਲਾਭਦਾਇਕ ਹੋਣਾ ਚਾਹੀਦਾ ਹੈ। ਇਹ ਦੋਵਾਂ ਦੇਸ਼ਾਂ ਲਈ ਕੰਮ ਕਰਨਾ ਚਾਹੀਦਾ ਹੈ। ਇਹੀ ਅਸੀਂ ਇੱਕ ਵਪਾਰਕ ਸਮਝੌਤੇ ਤੋਂ ਉਮੀਦ ਕਰਾਂਗੇ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਇਸ ਬਾਰੇ ਕੋਈ ਵੀ ਫੈਸਲਾ ਲੈਣਾ ਜਲਦਬਾਜ਼ੀ ਹੋਵੇਗੀ।