ਬ੍ਰਿਕਸ ਸੰਮੇਲਨ ਲਈ ਦਿੱਲੀ ਪਹੁੰਚੇ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਨਾਲ ਕਰਨਗੇ ਅਹਿਮ ਬੈਠਕ

Friday, Sep 11, 2026 - 10:20 AM (IST)

ਬ੍ਰਿਕਸ ਸੰਮੇਲਨ ਲਈ ਦਿੱਲੀ ਪਹੁੰਚੇ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਨਾਲ ਕਰਨਗੇ ਅਹਿਮ ਬੈਠਕ

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸ਼ਿਖਰ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚ ਗਏ ਹਨ। ਪੁਤਿਨ ਦਾ ਜਹਾਜ਼ ਦਿੱਲੀ ਦੇ ਪਾਲਮ ਏਅਰਫੋਰਸ ਸਟੇਸ਼ਨ 'ਤੇ ਉੱਤਰਿਆ, ਜਿੱਥੇ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏਅਰਪੋਰਟ ਤੋਂ ਪੁਤਿਨ ਹੋਟਲ ਆਈ.ਟੀ.ਸੀ. ਮੌਰਿਆ ਲਈ ਰਵਾਨਾ ਹੋਏ।

ਆਪਣੇ ਇਸ ਭਾਰਤ ਦੌਰੇ ਦੌਰਾਨ ਰਾਸ਼ਟਰਪਤੀ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ਵਿਚਕਾਰ ਸ਼ੁੱਕਰਵਾਰ ਨੂੰ ਦੋਪੱਖੀ ਬੈਠਕ ਹੋਣ ਦੀ ਉਮੀਦ ਹੈ, ਜਿਸ ਵਿੱਚ ਰੱਖਿਆ, ਵਪਾਰ ਅਤੇ ਆਰਥਿਕ ਸਹਿਯੋਗ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ। ਨਵੀਂ ਦਿੱਲੀ ਵਿਖੇ 12 ਅਤੇ 13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਕਈ ਦੇਸ਼ਾਂ ਦੇ ਰਾਸ਼ਟਰਾਧਿਅਕਸ਼ ਅਤੇ ਸਰਕਾਰਾਂ ਦੇ ਪ੍ਰਮੁੱਖ ਸ਼ਾਮਲ ਹੋ ਰਹੇ ਹਨ।

ਰੂਸੀ ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੇ ਠਹਿਰਨ ਵਾਲੇ ਹੋਟਲ ਅਤੇ ਭਾਰਤ ਮੰਡਪਮ ਜਾਣ ਵਾਲੇ ਰੂਟਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਹੋਟਲ ਵਿਖੇ ਚਾਰ ਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਸਭ ਤੋਂ ਅੰਦਰੂਨੀ ਘੇਰੇ ਵਿੱਚ ਕਲੋਜ਼ ਪ੍ਰੋਟੈਕਸ਼ਨ ਟੀਮ (CPT) ਰਹੇਗੀ। ਦੂਜੇ ਪੱਧਰ 'ਤੇ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ, ਤੀਜੇ ਪੱਧਰ 'ਤੇ ਦਿੱਲੀ ਪੁਲਸ ਦੇ ਕਮਾਂਡੋ ਤੇ ਅਰਧ-ਸੈਨਿਕ ਬਲ ਅਤੇ ਸਭ ਤੋਂ ਬਾਹਰੀ ਘੇਰੇ ਵਿੱਚ ਸਥਾਨਕ ਪੁਲਸ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਰੂਸ ਦੀ ਆਪਣੀ ਸੁਰੱਖਿਆ ਟੀਮ ਵੀ ਪੁਤਿਨ ਦੇ ਨਾਲ ਮੌਜੂਦ ਹੈ, ਜਿਸ ਨੇ ਭਾਰਤੀ ਏਜੰਸੀਆਂ ਨਾਲ ਮਿਲ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ।


author

Inder Prajapati

Content Editor

Related News