ਭਾਰਤੀ ਵਿਦਿਆਰਥੀ ਦੇ ਪ੍ਰੋਜੈਕਟ ਨੂੰ ਦੇਖ ਪੁਤਿਨ ਹੋਏ ਖੁਸ਼, ਆਖੀ ਇਹ ਗੱਲ
Saturday, Dec 14, 2019 - 02:55 PM (IST)

ਮਾਸਕੋ— ਪਾਣੀ ਦੀ ਬਰਬਾਦੀ ਰੋਕਣ ਵਾਲੀ ਮਸ਼ੀਨ ਬਣਾਉਣ ਲਈ ਭਾਰਤੀ ਵਿਦਿਆਰਥੀ ਦੀ ਹਰ ਪਾਸੇ ਸਿਫਤ ਹੋ ਰਹੀ ਹੈ, ਇੱਥੋਂ ਤਕ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਉਸ ਦੀ ਕਾਫੀ ਸਿਫਤ ਕੀਤੀ। ਵਿਦਿਆਰਥੀ ਦਾ ਨਾਂ ਪੀ. ਬਿਸਵਨਾਥ ਪਾਤਰਾ ਹੈ, ਜੋ ਓਡੀਸ਼ਾ ਦਾ ਰਹਿਣ ਵਾਲਾ ਹੈ। ਬਿਸਵਨਾਥ ਨੇ ਡੀਪ ਟੈਕਨਾਲੋਜੀ ਐਜੂਕੇਸ਼ਨ ਪ੍ਰੋਗਰਾਮ ਅਤੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਪ੍ਰੋਗਰਾਮ 'ਚ ਆਪਣੇ ਵਾਟਰ ਡਿਸਪੈਂਟਰ ਦਾ ਪ੍ਰਦਰਸ਼ਨ ਕੀਤਾ। ਇਹ ਪ੍ਰੋਗਰਾਮ ਰੂਸ ਦੇ ਸੋਚੀ 'ਚ ਰੂਸੀ ਸੰਸਥਾਨ ਸੀਰੀਅਸ ਨੇ 28 ਨਵੰਬਰ ਤੋਂ 8 ਦਸੰਬਰ ਤਕ ਆਯੋਜਿਤ ਕੀਤਾ। ਪ੍ਰੋਗਰਾਮ 'ਚ ਰਾਸ਼ਟਰਪਤੀ ਪੁਤਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਬਿਸਵਨਾਥ ਨੂੰ ਵਧਾਈ ਦੇਣ ਵਾਲਿਆਂ 'ਚ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਸ਼ਾਮਲ ਰਹੇ। ਉਨ੍ਹਾਂ ਨੇ ਟਵਿੱਟਰ 'ਤੇ ਇਹ ਵੀਡੀਓ ਪੋਸਟ ਕੀਤੀ, ਜਿਸ 'ਚ ਪੁਤਿਨ ਬਿਸਵਨਾਥ ਦੀ ਸਿਫਤ ਕਰਦੇ ਦਿਖਾਈ ਦੇ ਰਹੇ ਹਨ।
ਪੁਤਿਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਸ ਵਰਗੇ ਹੋਰ ਵੀ ਬੱਚੇ ਭਾਰਤ ਤੋਂ ਇੱਥੇ ਆਉਣ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸ਼ਾਨਦਾਰ ਹੋਵੇਗਾ। ਆਖਰ 'ਚ ਪੁਤਿਨ ਸਾਰੇ ਬੱਚਿਆਂ ਨੂੰ ਪੁੱਛਦੇ ਹਨ ਕਿ ਕੀ ਬੱਚਿਆਂ ਨੂੰ ਸੋਚੀ 'ਚ ਚੰਗਾ ਲੱਗ ਰਿਹਾ ਹੈ।
ਬਿਸਵਨਾਥ 25 ਵਿਦਿਆਰਥੀਆਂ 'ਚੋਂ ਇਕ ਹੈ ਜਿਸ ਦਾ ਪ੍ਰੋਜੈਕਟ ਸੋਚੀ 'ਚ ਪੇਸ਼ਕਰਨ ਲਈ ਚੁਣਿਆ ਗਿਆ। ਕੇਂਦਰੀ ਵਿਦਿਆਲਯ 'ਚ ਪੜ੍ਹਨ ਵਾਲੇ ਬਿਸਵਨਾਥ ਓਡੀਸ਼ਾ ਤੋਂ ਇਕੋ-ਇਕ ਵਿਦਿਆਰਥੀ ਹੈ, ਜਿਸ ਨੂੰ ਰੂਸ ਜਾਣ ਦਾ ਮੌਕਾ ਮਿਲਿਆ। ਬਿਸਵਨਾਥ ਦੇ ਅਧਿਆਪਕ ਮੁਤਾਬਕ ਉਹ ਪਿਛਲੇ ਤਕਰੀਬਨ ਇਕ ਸਾਲ ਤੋਂ ਸਮਾਰਟ ਵਾਟਰ ਡਿਸਪੈਂਟਰ ਬਣਾਉਣ ਲਈ ਮਿਹਨਤ ਕਰ ਰਹੇ ਸਨ। ਇਸ ਪ੍ਰੋਜੈਕਟ 'ਚ ਬਰਬਾਦ ਹੁੰਦੇ ਪਾਣੀ ਨੂੰ ਵੀ ਫਿਲਟਰ ਕਰਨ ਦਾ ਪ੍ਰਬੰਧ ਹੈ। ਇਸ ਨੂੰ ਪਾਣੀ ਦਾ ਏ. ਟੀ. ਐੱਮ. ਕਹਿ ਸਕਦੇ ਹਾਂ। ਇਕ ਸਮਾਰਟ ਵਾਟਰ ਡਿਸਪੈਂਟਰ 5000 ਤੋਂ ਲੈ ਕੇ 7000 ਰੁਪਏ ਤਕ ਕੀਮਤ ਦਾ ਹੋਵੇਗਾ।