ਰੂਸ ''ਚ ਵੱਡੀ ਵਾਰਦਾਤ ! ਯੂਨੀਵਰਸਿਟੀ ਦੇ ਹੋਸਟਲ ''ਚ ਚਾਕੂ ਨਾਲ ਹਮਲਾ, 4 ਭਾਰਤੀ ਵਿਦਿਆਰਥੀਆਂ ਸਣੇ ਕਈ ਜ਼ਖ਼ਮੀ

Sunday, Feb 08, 2026 - 02:22 PM (IST)

ਰੂਸ ''ਚ ਵੱਡੀ ਵਾਰਦਾਤ ! ਯੂਨੀਵਰਸਿਟੀ ਦੇ ਹੋਸਟਲ ''ਚ ਚਾਕੂ ਨਾਲ ਹਮਲਾ, 4 ਭਾਰਤੀ ਵਿਦਿਆਰਥੀਆਂ ਸਣੇ ਕਈ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਰੂਸ ਦੇ ਬਸ਼ਕੋਰਤੋਸਤਾਨ ਗਣਰਾਜ ਦੀ ਰਾਜਧਾਨੀ ਊਫਾ ਵਿੱਚ ਸਥਿਤ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਹੋਸਟਲ ਵਿੱਚ ਸ਼ਨੀਵਾਰ ਨੂੰ ਇੱਕ ਦਰਦਨਾਕ ਹਿੰਸਕ ਘਟਨਾ ਵਾਪਰੀ। ਹੋਸਟਲ ਦੇ sports hall ਵਿੱਚ ਇੱਕ ਨੌਜਵਾਨ ਨੇ ਅਚਾਨਕ ਵਿਦਿਆਰਥੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਚਾਰ ਭਾਰਤੀ ਵਿਦਿਆਰਥੀਆਂ ਸਣੇ ਘੱਟੋ-ਘੱਟ 8 ਲੋਕ ਜ਼ਖ਼ਮੀ ਹੋ ਗਏ ਹਨ।

ਹਮਲਾਵਰ ਦੀ ਪਛਾਣ ਇੱਕ 15 ਸਾਲਾ ਮੁੰਡੇ ਵਜੋਂ ਹੋਈ ਹੈ, ਜੋ ਚਾਕੂ ਲੈ ਕੇ ਹੋਸਟਲ ਵਿੱਚ ਦਾਖਲ ਹੋਇਆ ਅਤੇ ਉੱਥੇ ਮੌਜੂਦ ਵਿਦਿਆਰਥੀਆਂ 'ਤੇ ਤਾਬੜਤੋੜ ਹਮਲਾ ਕਰ ਦਿੱਤਾ। ਜਦੋਂ ਪੁਲਸ ਅਧਿਕਾਰੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ, ਤਾਂ ਉਸ ਨੇ ਵਿਰੋਧ ਕਰਦਿਆਂ ਦੋ ਪੁਲਸ ਮੁਲਾਜ਼ਮਾਂ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਗ੍ਰਿਫ਼ਤਾਰੀ ਦੀ ਕਾਰਵਾਈ ਦੌਰਾਨ ਹਮਲਾਵਰ ਨੇ ਖੁਦ ਨੂੰ ਵੀ ਗੰਭੀਰ ਜ਼ਖ਼ਮੀ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਬੱਚਿਆਂ ਦੇ ਇੱਕ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰੂਸ ਵਿੱਚ ਭਾਰਤੀ ਦੂਤਾਵਾਸ ਨੇ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਨੇ ਦੱਸਿਆ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ। ਕਾਜ਼ਾਨ ਸਥਿਤ ਭਾਰਤੀ ਵਣਜ ਦੂਤਾਵਾਸ ਦੇ ਅਧਿਕਾਰੀ ਜ਼ਖ਼ਮੀ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ ਊਫਾ ਰਵਾਨਾ ਹੋ ਗਏ ਹਨ।

ਜ਼ਖ਼ਮੀ ਵਿਦਿਆਰਥੀਆਂ ਅਤੇ ਪੁਲਸ ਕਰਮਚਾਰੀਆਂ ਦਾ ਇਲਾਜ ਸਥਾਨਕ ਕਲੀਨਿਕਲ ਹਸਪਤਾਲ ਵਿੱਚ ਜਾਰੀ ਹੈ। ਚਸ਼ਮਦੀਦਾਂ ਅਨੁਸਾਰ ਘਟਨਾ ਤੋਂ ਬਾਅਦ ਹੋਸਟਲ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਸੀ। ਰੂਸੀ ਜਾਂਚ ਏਜੰਸੀਆਂ ਨੇ ਮਾਮਲਾ ਦਰਜ ਕਰਕੇ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Harpreet SIngh

Content Editor

Related News