ਭਾਰਤ ਨੂੰ 2021 ਤੱਕ ਮਿਲੇਗੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ : ਰੂਸ

09/09/2019 10:05:41 AM

ਮਾਸਕੋ/ਨਵੀਂ ਦਿੱਲੀ (ਬਿਊਰੋ)— ਭਾਰਤ ਨੂੰ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਪਹਿਲੀ ਖੇਪ ਸਾਲ 2021 ਦੇ ਮੱਧ ਤੱਕ ਹਾਸਲ ਹੋਵੇਗੀ। ਰੂਸ ਦੇ ਉਪ ਪ੍ਰਧਾਨ ਮੰਤਰੀ ਯੂਰੀ ਬੋਰਿਸੋਵ ਨੇ ਐਤਵਾਰ ਨੂੰ ਕਿਹਾ ਕਿ ਐੱਸ-400 ਹਵਾ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਪਹਿਲਾਂ ਤੋਂ ਤੈਅ ਸਮੇਂ ਮੁਤਾਬਕ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਬੋਰਿਸੋਵ ਨੇ ਕਿਹਾ ਕਿ ਪੇਸ਼ਗੀ ਭੁਗਤਾਨ ਹੋ ਚੁੱਕਾ ਹੈ ਅਤੇ ਸਭ ਕੁਝ ਲੱਗਭਗ 18-19 ਮਹੀਨਿਆਂ ਦੇ ਅੰਦਰ ਤੈਅ ਸਮੇਂ ਮੁਤਾਬਕ ਕਰ ਦਿੱਤਾ ਜਾਵੇਗਾ। 

ਪਿਛਲੇ ਮਹੀਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੋ-ਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨੂੰ ਮਿਲਣ ਲਈ ਮਾਸਕੋ ਗਏ ਸਨ। ਉਸ ਦੌਰਾਨ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਐੱਸ-400 ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ਦੇ ਬਾਅਦ ਹਾਲ ਹੀ ਵਿਚ ਪੂਰਬੀ ਆਰਥਿਕ ਮੰਚ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸ ਦਾ ਦੌਰਾ ਕੀਤਾ ਸੀ। ਜਿਸ ਦੌਰਾਨ ਰੱਖਿਆ, ਊਰਜਾ ਅਤੇ ਵਪਾਰ ਨੂੰ ਲੈ ਕੇ ਕਈ ਸਮਝੌਤੇ ਹੋਏ। 

ਗੌਰਤਲਬ ਹੈ ਕਿ ਭਾਰਤ ਨੇ ਲੰਬੇ ਸਮੇਂ ਦੀਆਂ ਸੁਰੱਖਿਆ ਲੋੜਾਂ ਲਈ 5 ਅਕਤੂਬਰ, 2018 ਨੂੰ ਨਵੀਂ ਦਿੱਲੀ ਵਿਚ 19ਵੇਂ ਭਾਰਤ-ਰੂਸ ਸਾਲਾਨਾ ਦੋ-ਪੱਖੀ ਸੰਮੇਲਨ ਦੌਰਾਨ ਪੰਜ ਐੱਸ-400 ਪ੍ਰਣਾਲੀਆਂ ਦੀ ਖਰੀਦ ਲਈ ਰੂਸ ਨਾਲ 5.43 ਬਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ।


Vandana

Content Editor

Related News