ਕੁੰਭ ਮੇਲੇ ਤੋਂ ਗੁਜਰਾਤ ਪਰਤਣ ਵਾਲੇ ਲੋਕਾਂ ਲਈ ਕੋਵਿਡ-19 RT-PCR ਜਾਂਚ ਜ਼ਰੂਰੀ

Saturday, Apr 17, 2021 - 06:16 PM (IST)

ਜਾਮਨਗਰ— ਹਰਿਦੁਆਰ ’ਚ ਕੁੰਭ ਮੇਲੇ ਤੋਂ ਗੁਜਰਾਤ ਪਰਤਣ ਵਾਲੇ ਲੋਕਾਂ ਲਈ ਆਪਣੇ ਸ਼ਹਿਰਾਂ ਅਤੇ ਪਿੰਡਾਂ ’ਚ ਦਾਖ਼ਲ ਹੋਣ ਤੋਂ ਪਹਿਲਾਂ ਕੋਵਿਡ-19 ਆਰ. ਟੀ.-ਪੀ. ਸੀ. ਆਰ. ਜਾਂਚ ਕਰਾਉਣਾ ਜ਼ਰੂਰੀ ਹੈ। ਇਹ ਗੱਲ ਸ਼ਨੀਵਾਰ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਆਖੀ। ਕੁੰਭ ਵਿਚ ਦੇਸ਼ ਭਰ ਦੇ ਲੱਖਾਂ ਲੋਕ ਹਿੱਸਾ ਲੈ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਸਾਧੂ-ਸੰਤ ਇਕੱਠੇ ਹੋਏ ਹਨ, ਜਿਸ ਦੀ ਦੇਸ਼ ’ਚ ਵੱਧਦੇ ਕੋਵਿਡ-ਓ19 ਕੇਸਾਂ ਨੂੰ ਵੇਖਦੇ ਹੋਏ ਸਮਾਜ ਦੇ ਵੱਖ-ਵੱਖ ਤਬਕੇ ਨੇ ਆਲੋਚਨਾ ਕੀਤੀ ਹੈ। ਕੁੰਭ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਕੇਸ ਵੀ ਸਾਹਮਣੇ ਆਏ ਹਨ।

ਰੂਪਾਨੀ ਨੇ ਜਾਮਨਗਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਕੁੰਭ ਮੇਲੇ ਤੋਂ ਪਰਤਣ ਵਾਲੇ ਲੋਕਾਂ ’ਤੇ ਨਜ਼ਰ ਰੱਖੀ ਜਾਵੇ ਅਤੇ ਬਿਨਾਂ ਆਰ. ਟੀ.-ਪੀ. ਸੀ. ਆਰ. ਜਾਂਚ ਦੇ ਆਪਣੇ ਗ੍ਰਹਿ ਨਗਰਾਂ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੁੰਭ ਤੋਂ ਪਰਤਣ ਵਾਲੇ ਹਰ ਵਿਅਕਤੀ ਨੂੰ ਗੁਜਰਾਤ ਵਿਚ ਆਰ. ਟੀ.-ਪੀ. ਸੀ. ਆਰ. ਜਾਂਚ ਕਰਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਲੋਕਾਂ ਨੂੰ ਏਕਾਂਤਵਾਸ ਵਿਚ ਰੱਖਿਆ ਜਾਵੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੀੜਤ ਲੋਕਾਂ ਦੇ ਇਲਾਜ ਲਈ ਕਾਫ਼ੀ ਘੱਟ ਸਮੇਂ ਵਿਚ ਹਸਪਤਾਲਾਂ ’ਚ 25 ਹਜ਼ਾਰ ਤੋਂ 30 ਹਜ਼ਾਰ ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ।


Tanu

Content Editor

Related News