RSS 7 ਸਾਲ ਬਾਅਦ ਮੁੜ ਵਿਗਿਆਨ ਭਵਨ ’ਚ ਆਉਣ ਤਿਆਰੀ ’ਚ

Tuesday, Jul 15, 2025 - 01:02 AM (IST)

RSS 7 ਸਾਲ ਬਾਅਦ ਮੁੜ ਵਿਗਿਆਨ ਭਵਨ ’ਚ ਆਉਣ ਤਿਆਰੀ ’ਚ

ਨੈਸ਼ਨਲ ਡੈਸਕ- 7 ਸਾਲਾਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਇਸ ਸਾਲ ਦੇ ਅਖੀਰ ਵਿਚ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਪਣੀ ਪ੍ਰਮੁੱਖ ਜਨਤਕ ਭਾਸ਼ਣ ਲੜੀ ਮੁੜ ਸ਼ੁਰੂ ਕਰਨ ਲਈ ਤਿਆਰ ਹੈ - ਜੋ ਕਿ ਆਪਣੇ ਸ਼ਤਾਬਦੀ ਸਾਲ ਵਿਚ ਇਕ ਨਵੀਂ ਜਨਤਕ ਪਹੁੰਚ ਮੁਹਿੰਮ ਨੂੰ ਦਰਸਾਉਂਦਾ ਹੈ।

ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿਚ ਪ੍ਰਸਤਾਵਿਤ ਇਸ ਤਿੰਨ ਦਿਨਾਂ ਪ੍ਰੋਗਰਾਮ ਦੀ ਅਗਵਾਈ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਕਰਨਗੇ। ਇਹ ਸੰਘ ਦੀ ਬਦਲਦੀ ਸਿਆਸੀ ਹਵਾ ਦੇ ਦੌਰ ਵਿਚ ਆਪਣੀਆਂ ਬਰਾਂਚਾਂ ਅਤੇ ਵਿਚਾਰਕ ਹਲਕਿਆਂ ਤੋਂ ਪਰ੍ਹੇ ਸਮਾਜ ਦੇ ਵਿਆਪਕ ਵਰਗ ਨਾਲ ਫਿਰ ਤੋਂ ਜੁੜਨ ਦੀ ਇੱਛਾ ਦਾ ਸੰਕੇਤ ਹੈ।

ਸਤੰਬਰ 2018 ਵਿਚ ਆਯੋਜਿਤ ਪਿਛਲੀ ਅਜਿਹੀ ਲੜੀ ਇਕ ਮਹੱਤਵਪੂਰਨ ਮੋੜ ਸੀ। ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਵਿਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਆਰ. ਐੱਸ. ਐੱਸ. ਸਰਸੰਘਚਾਲਕ ਨੇ ਇੰਨੇ ਵੱਡੇ ਪੈਮਾਨੇ ’ਤੇ ਮੁੱਖਧਾਰਾ ਦੀ ਕਿਸੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਹੋਵੇ। ਇਸ ਵਿਚ ਰੋਜ਼ਾਨਾ 1500 ਤੋਂ ਵੱਧ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿਚ ਉਦਯੋਗਪਤੀ, ਫਿਲਮੀ ਹਸਤੀਆਂ, ਡਿਪਲੋਮੈਟ, ਸਿੱਖਿਆ ਸ਼ਾਸਤਰੀ, ਜੱਜ ਅਤੇ ਸੇਵਾਮੁਕਤ ਨੌਕਰਸ਼ਾਹ ਸ਼ਾਮਲ ਸਨ।

ਭਾਗਵਤ ਨੇ ਪਹਿਲੇ 2 ਦਿਨ ਇਕੱਲੇ ਹੀ ਭਾਸ਼ਣ ਦਿੱਤਾ; ਤੀਜੇ ਦਿਨ ਉਨ੍ਹਾਂ ਦੇ ਸਾਹਮਣੇ ਪਹਿਲਾਂ ਤੋਂ ਜਮ੍ਹਾ ਕੀਤੇ ਗਏ ਗੁਮਨਾਮ ਸਵਾਲ (ਕੁੱਲ ਮਿਲਾ ਕੇ ਲੱਗਭਗ 220) ਰੱਖੇ ਗਏ, ਜਿਨ੍ਹਾਂ ਨੂੰ ਵਿਸ਼ੇ ਅਨੁਸਾਰ ਧਿਆਨ ਨਾਲ ਛਾਂਟਿਆ ਗਿਆ ਅਤੇ ਚੋਣਵੇਂ ਢੰਗ ਨਾਲ ਜਵਾਬ ਦਿੱਤੇ ਗਏ। ਇਹ ਇਕ ਅੰਤਰਮੁਖੀ ਸੰਗਠਨ ਲਈ ਖੁੱਲ੍ਹੇਪਣ ਦਾ ਇਕ ਅਸਾਧਾਰਨ ਪਲ ਸੀ।

ਇਸ ਤੋਂ ਪਹਿਲਾਂ, ਆਖਰੀ ਤੁਲਨਾਤਮਕ ਘਟਨਾ 1974 ਵਿਚ ਵਾਪਰੀ ਸੀ, ਜਦੋਂ ਤਤਕਾਲੀ ਮੁਖੀ ਐੱਮ. ਡੀ. ਦੇਵਰਸ ਨੇ ਪੁਣੇ ਦੀ ਵਸੰਤ ਲੈਕਚਰ ਲੜੀ ਨੂੰ ਸੰਬੋਧਨ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਛੂਤ-ਛਾਤ ਨੂੰ ਇਕ ‘ਪਾਪ’ ਐਨਾਨਿਆ ਸੀ - ਜੋ ਸਮਾਜਿਕ ਮੁੱਦਿਆਂ ’ਤੇ ਸੰਘ ਦੇ ਵਿਕਾਸ ਵਿਚ ਇਕ ਇਤਿਹਾਸਕ ਪਲ ਸੀ। ਇਸ ਸਾਲ ਦੀ ਭਾਸ਼ਣ ਲੜੀ ਦੇ ਨਾਲ ਆਰ. ਐੱਸ. ਐੱਸ. ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੰਦੇਸ਼ਾਂ ਨੂੰ ਹੋਰ ਤੀਬਰ ਬਣਾਏ, ਵਿਚਾਰਧਾਰਕ ਸਪੱਸ਼ਟਤਾ ਦਾ ਪ੍ਰਦਰਸ਼ਨ ਕਰੇ ਅਤੇ ਆਪਣੀ ਸੱਭਿਆਚਾਰਕ ਅਤੇ ਬੌਧਿਕ ਛਾਪ ਦਾ ਵਿਸਥਾਰ ਕਰੇ-ਠੀਕ ਲੁਟੀਅਨਜ਼ ਦਿੱਲੀ ਦੇ ਦਿਲ ਤੋਂ। ਆਪਣੇ ਸ਼ਤਾਬਦੀ ਸਾਲ ਮੌਕੇ ਸੰਘ ਸਿਰਫ ਚਿੰਤਨ ਕਰਨ ਲਈ ਨਹੀਂ, ਸਗੋਂ ਅੱਗੇ ਆਉਣ ਵਾਲੀਆਂ ਸਿਆਸੀ, ਵਿਚਾਰਕ ਅਤੇ ਸਮਾਜਿਕ ਲੜਾਈਆਂ ਲਈ ਖੁਦ ਨੂੰ ਮੁੜ ਸਥਾਪਤ ਕਰਨ ਲਈ ਵੀ ਤਿਆਰ ਦਿਖਾਈ ਦਿੰਦਾ ਹੈ।


author

Rakesh

Content Editor

Related News