ਭਾਜਪਾ ਦੇ ਨਵੇਂ ਮੁਖੀ ਦੀ ਨਿਯੁਕਤੀ ’ਚ ਸੰਘ ਦੀ ਹੋ ਸਕਦੀ ਹੈ ਅਹਿਮ ਭੂਮਿਕਾ

06/22/2024 5:21:32 PM

ਨਵੀਂ ਦਿੱਲੀ- ਆਰ. ਐੱਸ. ਐੱਸ. ਅਤੇ ਭਾਜਪਾ ਦੇ 73 ਸਾਲਾਂ ਦੇ ਲੰਬੇ ਰਿਸ਼ਤੇ ’ਚ ਕੁਝ ਦਿਨ ਪਹਿਲਾਂ ਜੋ ਤੂਫ਼ਾਨ ਆਇਆ ਸੀ, ਉਹ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ।

ਅਕਤੂਬਰ 1951 ’ਚ ਸ਼ੁਰੂ ਹੋਏ ਇਸ ਰਿਸ਼ਤੇ ਨੇ ਆਪਣਾ ਸੁਨਹਿਰੀ ਯੁੱਗ ਦੇਖਿਆ ਪਰ ਇਸ ਦਾ ਸਭ ਤੋਂ ਮਾੜਾ ਦੌਰ ਉਦੋਂ ਵੇਖਿਆ ਗਿਆ ਜਦੋਂ ਭਾਜਪਾ ਦੇ ਸਾਬਕਾ ਮੁਖੀ ਜੇ. ਪੀ. ਨੱਡਾ ਨੇ ਇਕ ਪ੍ਰਮੁੱਖ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਪਾਰਟੀ ਨੂੰ ਹੁਣ ਆਰ. ਐੱਸ. ਐੱਸ. ਦੀ ਲੋੜ ਨਹੀਂ ਰਹੀ। ਅਸੀਂ ਹੁਣ ਸਮਰੱਥ ਹਾਂ। ਪਹਿਲਾਂ ਸਾਨੂੰ ਉਨ੍ਹਾਂ (ਆਰ. ਐੱਸ. ਐੱਸ.) ਦੇ ਸਮਰਥਨ ਦੀ ਲੋੜ ਸੀ, ਪਰ ਹੁਣ ਨਹੀਂ।

ਨੱਡਾ ਨੇ ਇਹ ਬਿਆਨ 21 ਮਈ 2024 ਨੂੰ ਲੋਕ ਸਭਾ ਦੀਆਂ ਚੋਣਾਂ ਦੌਰਾਨ ਦਿੱਤਾ ਸੀ। ਆਰ. ਐੱਸ. ਐੱਸ. ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨੇ ਤਿੰਨ ਹਫ਼ਤੇ ਉਡੀਕ ਕੀਤੀ ਤੇ 11 ਜੂਨ, 2024 ਨੂੰ ਨਾਗਪੁਰ ’ਚ ਕਿਹਾ ਕਿ ਇੱਕ ਸੱਚਾ ਸੇਵਕ ਭਾਵ ਲੋਕਾਂ ਦੀ ਸੇਵਾ ਕਰਨ ਵਾਲਾ ਕਦੇ ਵੀ ਹੰਕਾਰੀ ਨਹੀਂ ਹੁੰਦਾ। ਉਹ ਜਨਤਕ ਜੀਵਨ ’ਚ ਹਮੇਸ਼ਾ ਮਰਿਆਦਾ ਕਾਇਮ ਰੱਖਦਾ ਹੈ। ਜੋ ਮਰਿਆਦਾ ਕਾਇਮ ਰੱਖਦਾ ਹੈ, ਉਹ ਆਪਣਾ ਕੰਮ ਕਰਦਾ ਹੈ ਤੇ ਨਿਰਲੇਪ ਵੀ ਰਹਿੰਦਾ ਹੈ। ਉਹ ਇਸ ਗੱਲ ’ਚ ਕੋਈ ਹਉਮੈ ਨਹੀਂ ਰਖਦਾ ਕਿ ਮੈਂ ਅਜਿਹਾ ਕੀਤਾ ਹੈ। ਜਿਹੜਾ ਇੰਝ ਕਰਦਾ ਹੈ, ਉਹ ਹੀ ਸੇਵਕ ਕਹਾਉਣ ਦਾ ਹੱਕਦਾਰ ਹੈ।

ਭਾਗਵਤ ਦਾ ਇਹ ਸੰਦੇਸ਼ ਜ਼ੋਰਦਾਰ ਤੇ ਸਪੱਸ਼ਟ ਸੀ । ਭਾਜਪਾ ਨੇ ਮਹਿਸੂਸ ਕੀਤਾ ਕਿ ਪਾਰਟੀ ਇੱਕ ‘ਨਵੀਂ ਕਾਂਗਰਸ’ ’ਚ ਬਦਲ ਸਕਦੀ ਹੈ ਕਿਉਂਕਿ ਇਹ ਦਲਬਦਲੂਆਂ ਤੇ ਭ੍ਰਿਸ਼ਟ ਨੇਤਾਵਾਂ ਨਾਲ ਭਰ ਗਈ ਹੈ।

ਮੋਦੀ ਨੂੰ ਇਹ ਵੀ ਅਹਿਸਾਸ ਹੋਇਆ ਕਿ ਸੰਘ ਪਰਿਵਾਰ ਸਰਵਉੱਚ ਹੈ ਨਾ ਕਿ ‘ਮੋਦੀ ਕਾ ਪਰਿਵਾਰ।’

ਭਾਗਵਤ ਦੇ ਬਿਆਨ ਤੋਂ ਕੁਝ ਦਿਨ ਬਾਅਦ ਸੰਘ ਦੇ ਤਿੰਨ ਉੱਚ ਅਹੁਦੇਦਾਰਾਂ ਨੇ ਨੱਡਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ‘ਮੋਦੀ ਪਰਿਵਾਰ’ ਸੋਸ਼ਲ ਮੀਡੀਆ ਤੋਂ ਇੰਝ ਗਾਇਬ ਹੋ ਗਿਆ ਜਿਵੇਂ ਇਹ ਕਦੇ ਮੌਜੂਦ ਹੀ ਨਹੀਂ ਸੀ।

ਉਮੀਦ ਕੀਤੀ ਜਾ ਰਹੀ ਹੈ ਕਿ ਭਾਜਪਾ ਦੇ ਨਵੇਂ ਮੁਖੀ ਦੀ ਨਿਯੁਕਤੀ ’ਚ ਆਰ. ਐੱਸ. ਐੱਸ. ਦੀ ਅਹਿਮ ਭੂਮਿਕਾ ਹੋਵੇਗੀ, ਇਸ ਲਈ ਨਵੇਂ ਮੁਖੀ ਦੀ ਨਿਯੁਕਤੀ ’ਚ ਅਜੇ ਕੁਝ ਦੇਰੀ ਹੋ ਸਕਦੀ ਹੈ।


Rakesh

Content Editor

Related News