ਟਾਈਟਲਰ ਨੂੰ ਜਾਰੀ ਹੋਏ ਸੰਮਨ 'ਤੇ RP ਸਿੰਘ ਦਾ ਟਵੀਟ- ਅਸੀਂ ਇਹ ਲੜਾਈ ਲੜਦੇ ਰਹਾਂਗੇ

07/26/2023 6:02:39 PM

ਨਵੀਂ ਦਿੱਲੀ- ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲਕਾਂਡ ਮਾਮਲੇ 'ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਸੰਮਨ ਜਾਰੀ ਕੀਤਾ ਹੈ। ਦਰਅਸਲ ਸੀ. ਬੀ. ਆਈ. ਨੇ 20 ਮਈ ਨੂੰ ਮਾਮਲੇ 'ਚ ਟਾਈਟਲਰ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਟਾਈਟਲਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-147 (ਦੰਗਾ), 109 (ਉਕਸਾਉਣਾ) ਅਤੇ ਧਾਰਾ-302 (ਕਤਲ) ਤਹਿਤ ਦੋਸ਼ ਲਾਏ ਹਨ। ਦੱਸ ਦੇਈਏ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਬਾਡੀਗਾਰਡਾਂ ਵਲੋਂ ਕਤਲ ਕੀਤੇ ਜਾਣ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਇੱਥੇ ਪੁਲ ਬੰਗਸ਼ ਖੇਤਰ 'ਚ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਗੁਰਦੁਆਰੇ 'ਚ ਅੱਗ ਲਾ ਦਿੱਤੀ ਗਈ ਸੀ।

PunjabKesari

ਇਸ ਬਾਬਤ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਸੀ. ਬੀ. ਆਈ. ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਜਗਦੀਸ਼ ਟਾਈਟਲਰ ਨੂੰ ਸੰਮਨ ਜਾਰੀ ਕੀਤਾ ਹੈ। ਅਸੀਂ 39 ਸਾਲਾਂ ਤੋਂ ਇਹ ਲੜਾਈ ਲੜੀ ਹੈ, ਅਸੀਂ ਲੜਦੇ ਰਹਾਂਗੇ। ਆਰ. ਪੀ. ਸਿੰਘ ਨੇ ਅੱਗੇ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਜੇਲ੍ਹ 'ਚ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਉਹ ਬਾਹਰ ਰਹੇਗਾ ਤਾਂ ਉਹ ਪੀੜਤਾਂ 'ਤੇ ਦਬਾਅ ਬਣਾਉਣ ਅਤੇ ਗਵਾਹਾਂ ਨੂੰ ਧਮਕੀਆਂ ਦੇਣਾ ਜਾਰੀ ਰੱਖੇਗਾ। ਤਿੰਨ ਗਵਾਹਾਂ ਨੇ ਅਦਾਲਤ 'ਚ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਤਿੰਨ ਸਿੱਖਾਂ ਦਾ ਕਤਲ ਕਰਦੇ ਹੋਏ ਅਤੇ ਗੁਰਦੁਆਰੇ ਨੂੰ ਸਾੜਦੇ ਹੋਏ ਦੇਖਿਆ ਸੀ।


Tanu

Content Editor

Related News