ਰੋਹਿਤ ਸ਼ੇਖਰ ਕਤਲ ਕੇਸ 'ਚ ਨਵਾਂ ਮੋੜ, ਪਰਿਵਾਰਿਕ ਮੈਂਬਰਾਂ ਤੋਂ ਪੁੱਛ-ਗਿੱਛ

04/20/2019 11:14:52 AM

ਨਵੀਂ ਦਿੱਲੀ-ਉੱਤਰ ਪ੍ਰਦੇਸ਼ ਅਤੇ ਉਤਰਾਂਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਦੇ ਬੇਟੇ ਰੋਹਿਤ ਤਿਵਾੜੀ ਦੀ ਮੌਤ 'ਚ ਹੱਤਿਆ ਦਾ ਕੇਸ ਦਰਜ ਹੋਣ ਤੋਂ ਬਾਅਦ ਪੁਲਸ ਦੀ ਜਾਂਚ ਪਰਿਵਾਰ ਤੱਕ ਪਹੁੰਚ ਗਈ ਹੈ। ਰਿਪੋਰਟ ਮੁਤਾਬਕ ਰੋਹਿਤ ਸ਼ੇਖਰ ਦੀ ਪਤਨੀ 'ਤੇ ਪਹਿਲਾਂ ਸ਼ੱਕ ਹੈ। ਸ਼ੇਖਰ ਦਾ ਭਰਾ ਸਿਥਾਰਥ ਜੋ ਘਰ ਹੀ ਰਹਿੰਦਾ ਹੈ, ਹੱਤਿਆ ਦੇ ਸਮੇਂ ਘਰ 'ਚ ਮੌਜੂਦ ਸੀ। ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਜਾਰੀ ਹੈ। ਇਸ ਤੋਂ ਇਲਾਵਾ ਸ਼ੇਖਰ ਦੀ ਮਾਂ ਤੋਂ ਉਸ ਦੀ ਪਤਨੀ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ। ਪਤਨੀ ਅਪੂਰਵਾ ਦੀ ਕਾਲ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਅਪੂਰਵਾ ਨੇ 15-16 ਅਪ੍ਰੈਲ ਦੀ ਰਾਤ ਜਿਨ੍ਹਾਂ ਲੋਕਾਂ ਨੂੰ ਫੋਨ ਕੀਤਾ, ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਘਰ ਦੇ ਤਮਾਮ ਲੋਕ ਹੱਤਿਆ ਦੇ ਸਮੇਂ ਘਰ 'ਚ ਮੌਜੂਦ ਸੀ। ਸਾਰਿਆਂ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ। ਰੋਹਿਤ ਦੀ ਪਤਨੀ ਸ਼ੱਕ ਦੇ ਘੇਰੇ ’ਚ ਹੋਣ ਕਾਰਨ ਉਸ ਤੋਂ ਕਾਫੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰੋਹਿਤ ਦੇ ਸਹੁਰੇ ਨੇ ਆਪਣੀ ਧੀ ਨੂੰ ਬੇਗੁਨਾਹ ਦੱਸਿਆ। 

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੋਹਿਤ ਦੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਉਸ ਦੀ ਮੌਤ ਮੂੰਹ ਦਬਾਉਣ ਨਾਲ ਹੋਈ ਹੈ, ਜਿਸ ਤੋਂ ਬਾਅਦ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।ਅੱਜ ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਦੀ ਟੀਮ ਡਿਫੈਂਸ ਕਾਲੋਨੀ ਸਥਿਤ ਰੋਹਿਤ ਦੇ ਘਰ ਪਹੁੰਚ ਗਈ ਹੈ। ਇੱਥੇ ਟੀਮ ਰੋਹਿਤ ਦੀ ਮਾਂ ਉੱਜਵਲਾ ਤਿਵਾੜੀ, ਪਤਨੀ, ਉਸ ਦੇ ਸਹੁਰੇ ਸਮੇਤ ਭਰਾ ਅਤੇ ਨੌਕਰਾਂ ਤੋਂ ਵੀਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਟੀਮ 'ਚ ਪੁੱਛ-ਗਿੱਛ ਲਈ ਮਹਿਲਾ ਪੁਲਸ ਕਰਮਚਾਰੀ ਵੀ ਮੌਜੂਦ ਹਨ। 

ਕਤਲ ਦਾ ਸ਼ੱਕ ਹੋਣ ਪਿੱਛੋਂ ਪੁਲਸ ਨੇ ਘਰ ’ਚ ਲੱਗੇ ਪੰਜ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ। ਇਕ ’ਚ ਸੋਮਵਾਰ ਰਾਤ ਨਸ਼ੇ ’ਚ ਪੌੜੀਆਂ ਚੜ੍ਹਦੇ ਰੋਹਿਤ ਦੇ ਪੈਰ ਨਜ਼ਰ ਆਉਂਦੇ ਹਨ, ਨਾਲ ਹੀ ਸ਼ਰਾਬ ਲੈ ਕੇ ਜਾ ਰਿਹਾ ਨੌਕਰ ਵੀ ਦਿਸਦਾ ਹੈ। ਸਮਝਿਆ ਜਾਂਦਾ ਹੈ ਕਿ ਕਤਲ ਕਰਨ ਵਾਲਾ ਘਰ ਦੇ ਅੰਦਰ ਹੀ ਕੋਈ ਹੈ। ਨੌਕਰ ਸਮੇਤ ਕਈ ਨੇੜਲੇ ਵਿਅਕਤੀ ਸ਼ੱਕ ਦੇ ਘੇਰੇ ’ਚ ਹਨ। ਕ੍ਰਾਈਮ ਬ੍ਰਾਂਚ ਨੇ ਮਾਮਲੇ ਨਾਲ ਜੁੜੇ ਸਭ ਲੋਕਾਂ ਨੂੰ ਕਹਿ ਦਿੱਤਾ ਹੈ ਕਿ ਜਾਂਚ ਤੋਂ ਸੰਤੁਸ਼ਟੀ ਹੋਣ ਤਕ ਕੋਈ ਵੀ ਵਿਅਕਤੀ ਬਿਨਾਂ ਆਗਿਆ ਦਿੱਲੀ ਛੱੱਡ ਕੇ ਨਹੀਂ ਜਾਏਗਾ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਬੇਟੇ ਰੋਹਿਤ ਤਿਵਾੜੀ ਰਾਜਧਾਨੀ ਦਿੱਲੀ ਦੀ ਡਿਫੈਂਸ ਕਾਲੋਨੀ 'ਚ ਆਪਣੀ ਮਾਂ ਉੱਜਵਲਾ ਤਿਵਾੜੀ ਨਾਲ ਰਹਿੰਦਾ ਸੀ। 16 ਅਪ੍ਰੈਲ ਨੂੰ ਉਹ ਕਮਰੇ 'ਚ ਸ਼ੱਕੀ ਹਾਲਾਤਾਂ 'ਚ  ਮਿਲਿਆ, ਜਿਸ ਨੂੰ ਤਰੁੰਤ ਸਾਕੇਤ ਮੈਕਸ ਹਸਪਤਾਲ 'ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਦੌਰਾਨ ਮਾਂ ਉੱਜਵਲਾ ਨੇ ਕਿਹਾ ਸੀ ਕਿ ਰੋਹਿਤ ਦੀ ਮੌਤ ਕੁਦਰਤੀ ਢੰਗ ਨਾਲ ਹੋਈ ਹੈ। ਦੂਜੇ ਪਾਸੇ ਰੋਹਿਤ ਸ਼ੇਖਰ ਦੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਉਸ ਦੀ ਮੌਤ ਮੂੰਹ ਦਬਾ ਕੇ ਕੀਤੀ ਗਈ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕ੍ਰਾਈਮ ਬ੍ਰਾਂਚ ਟੀਮ ਜਾਂਚ 'ਚ ਜੁੱਟ ਗਈ।


Iqbalkaur

Content Editor

Related News