ਰੋਹਿਣੀ ਅਦਾਲਤ ਗੋਲੀਬਾਰੀ ਕੇਸ: ਦਿੱਲੀ ਪੁਲਸ ਨੇ ਗੈਂਗਸਟਰ ਟਿੱਲੂ, ਨਵੀਨ ਬੱਲੀ ਨੂੰ ਕੀਤਾ ਗਿ੍ਰਫ਼ਤਾਰ

Thursday, Oct 07, 2021 - 02:13 PM (IST)

ਰੋਹਿਣੀ ਅਦਾਲਤ ਗੋਲੀਬਾਰੀ ਕੇਸ: ਦਿੱਲੀ ਪੁਲਸ ਨੇ ਗੈਂਗਸਟਰ ਟਿੱਲੂ, ਨਵੀਨ ਬੱਲੀ ਨੂੰ ਕੀਤਾ ਗਿ੍ਰਫ਼ਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਰੋਹਿਣੀ ਅਦਾਲਤ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਜਤਿੰਦਰ ਗੋਗੀ ਦੇ ਮਾਮਲੇ ਵਿਚ ਗੈਂਗਸਟਰ ਟਿੱਲੂ ਤਾਜਪੁਰੀਆ ਅਤੇ ਨਵੀਨ ਬੱਲੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਅਪਰਾਧ ਸ਼ਾਖਾ ਨੇ ਮੁੱਖ ਸਾਜਿਸ਼ਕਰਤਾ ਟਿੱਲੂ ਤਾਜਪੁਰੀਆ ਨੂੰ ਗੋਗੀ ਦੇ ਕਤਲ ਦੇ ਸਿਲਸਿਲੇ ਵਿਚ ਪੁੱਛ-ਗਿੱਛ ਲਈ ਆਪਣੀ ਹਿਰਾਸਤ ਵਿਚ ਲਿਆ ਸੀ। ਪੁੱਛ-ਗਿੱਛ ਤੋਂ ਬਾਅਦ ਜੇਲ੍ਹ ਵਿਚ ਬੰਦ ਗੈਂਗਸਟਰ ਨਵੀਨ ਬੱਲੀ ਨੂੰ ਵੀ ਘਟਨਾ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਦੋ ਦਿਨ ਦੀ ਹਿਰਾਸਤ ਵਿਚ ਲਿਆ ਗਿਆ ਸੀ। ਪੁਲਸ ਮੁਤਾਬਕ ਗੋਗੀ ਦੇ ਕਤਲ ਦੀ ਸਾਜਿਸ਼ ਰਚਣ ਵਿਚ ਬੱਲੀ ਵੀ ਸ਼ਾਮਲ ਸੀ। ਉਸ ਦੇ ਨਿਰਦੇਸ਼ ’ਤੇ ਹੀ ਉਸ ਦਾ ਸਹਿਯੋਗੀ ਨਵੀਨ ਹੱਡਾ ਘਟਨਾ ਵਾਲੇ ਦਿਨ ਵਕੀਲ ਦੇ ਭੇਸ ਵਿਚ ਇਕ ਨੇਪਾਲੀ ਨਾਗਰਿਕ ਨੂੰ ਰੋਹਿਣੀ ਅਦਾਲਤ ਲੈ ਗਿਆ ਸੀ, ਤਾਂ ਕਿ ਹੋਰ ਹਮਲਾਵਰਾਂ ਰਾਹੁਲ ਅਤੇ ਜੱਗਾ ਨਾਲ ਸ਼ਾਮਲ ਹੋ ਜਾਣ। 

ਤਾਜਪੁਰੀਆ ਅਤੇ ਬੱਲੀ ਨੂੰ ਮੰਡੋਲੀ ਜੇਲ ਨੰਬਰ-15 ’ਚ ਰੱਖਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਾਜਪੁਰੀਆ ਤਿੰਨ ਦਿਨ ਦੀ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਵਾਪਸ ਜੇਲ੍ਹ ਪਰਤ ਗਿਆ ਹੈ। ਘਟਨਾ ਵਿਚ ਜੇਲ੍ਹ ’ਚ ਬੰਦ ਗੈਂਗਸਟਰ ਰਾਠੀ ਦੀ ਵੀ ਭੂਮਿਕਾ ਹੋਣ ਦਾ ਸ਼ੱਕ ਹੈ ਅਤੇ ਉਹ ਵੀ ਜਾਂਚ ਦੇ ਦਾਇਰੇ ਵਿਚ ਹੈ। ਪੁਲਸ ਨੇ ਦੱਸਿਆ ਕਿ ਤਾਜਪੁਰੀਆ ਫੋਨ ਤੋਂ ਹਮਲਾਵਰਾਂ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਨੂੰ ਨਿਰਦੇਸ਼ ਦੇ ਰਿਹਾ ਸੀ ਕਿ ਇਸ ਸਾਜਿਸ਼ ’ਤੇ ਕਿਵੇਂ ਅਮਲ ਕਰਨਾ ਹੈ। 

ਜ਼ਿਕਰਯੋਗ ਹੈ ਕਿ ਦੋ ਹਮਲਾਵਰਾਂ ਨੇ 24 ਸਤੰਬਰ ਨੂੰ ਰੋਹਿਣੀ ਅਦਾਲਤ ਵਿਚ ਜਤਿੰਦਰ ਗੋਗੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਹਮਲਾਵਰ ਮਾਰੇ ਗਏ ਸਨ।


author

Tanu

Content Editor

Related News