ਧਨ ਸੋਧ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

Monday, Jun 03, 2019 - 12:30 PM (IST)

ਧਨ ਸੋਧ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

ਨਵੀਂ ਦਿੱਲੀ— ਮਨੀ ਲਾਂਡਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੇ ਮਾਮਲੇ 'ਚ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਦੀ ਅਦਾਲਤ 'ਚ ਸੁਣਵਾਈ ਹੋਈ। ਰਾਬਰਟ ਵਾਡਰਾ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗੀ ਸੀ। ਕੋਰਟ ਨੇ ਵਾਡਰਾ ਨੂੰ ਅਮਰੀਕਾ ਅਤੇ ਨੀਦਰਲੈਂਡ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਉਹ ਲੰਡਨ ਜਾਣ ਦੀ ਇਜਾਜ਼ਤ ਮੰਗ ਰਹੇ ਸਨ ਪਰ ਉਹ ਉਨ੍ਹਾਂ ਨੂੰ ਨਹੀਂ ਮਿਲੀ। ਕੋਰਟ ਦੇ ਆਦੇਸ਼ ਤੋਂ ਬਾਅਦ ਰਾਬਰਟ 6 ਹਫਤਿਆਂ ਲਈ ਵਿਦੇਸ਼ ਜਾ ਸਕਦੇ ਹਨ ਅਤੇ ਇਨ੍ਹਾਂ 6 ਹਫਤਿਆਂ 'ਚ ਜੇਕਰ ਕਿਸੇ ਤਰ੍ਹਾਂ ਦਾ ਲੁੱਕਆਊਟ ਨੋਟਿਸ ਜਾਰੀ ਹੁੰਦਾ ਹੈ ਤਾਂ ਉਹ ਲਾਗੂ ਨਹੀਂ ਹੋਵੇਗਾ। ਵਾਡਰਾ ਨੇ ਆਪਣੀ ਅਪੀਲ 'ਚ ਕਿਹਾ ਸੀ ਕਿ ਉਹ ਬੀਮਾਰ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਲਾਜ ਕਰਵਾਉਣ ਲਈ ਲੰਡਨ ਜਾਣਾ ਚਾਹੁੰਦੇ ਹਨ। ਕੋਰਟ 'ਚ ਪਿਛਲੀ ਸੁਣਵਾਈ ਤੋਂ ਬਾਅਦ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਾਡਰਾ ਨੂੰ ਸੰਮਨ ਭੇਜਿਆ ਤਾਂ ਉਹ ਪੇਸ਼ ਨਹੀਂ ਹੋਏ ਸਨ। 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਈ.ਡੀ. ਦੇ ਸਾਹਮਣੇ ਪੇਸ਼ ਹੋਣਾ ਹੈ। ਪਿਛਲੀ ਸੰਮਨ 'ਚ ਉਹ ਪੇਸ਼ ਨਹੀਂ ਹੋਏ ਸਨ, ਅਜਿਹੇ 'ਚ ਉਨ੍ਹਾਂ 'ਤੇ ਸਵਾਲਾਂ ਦੀ ਵਾਛੜ ਹੋ ਸਕਦੀ ਹੈ। ਰਾਬਰਟ ਵਾਡਰਾ ਦਾ ਪਾਸਪੋਰਟ ਅਜੇ ਕੋਰਟ ਕੋਲ ਜਮ੍ਹਾ ਹੈ। ਅਜਿਹੇ 'ਚ ਉਨ੍ਹਾਂ ਨੇ ਮੈਡੀਕਲ ਸਰਟੀਫਿਕੇਟ ਦਾਖਲ ਕਰ ਕੇ ਕੋਰਟ ਤੋਂ ਪਾਸਪੋਰਟ ਰਿਲੀਜ਼ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਈ.ਡੀ. ਵਲੋਂ ਰਾਬਰਟ ਦੀ ਇਸ ਅਪੀਲ ਦਾ ਵਿਰੋਧ ਕੀਤਾ ਗਿਆ ਹੈ। ਵਾਡਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਵੱਡੀ ਅੰਤੜੀ 'ਚ ਟਿਊਮਰ ਹੈ, ਇਸ ਲਈ ਉਸ ਨੇ ਲੰਡਨ ਜਾਣਾ ਹੈ।

ਜ਼ਿਕਰਯੋਗ ਹੈ ਕਿ ਰਾਬਰਟ ਇਸ ਮਾਮਲੇ 'ਚ ਸ਼ਰਤੀਆ ਪੇਸ਼ਗੀ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ ਨੂੰ ਬਿਨਾਂ ਮਨਜ਼ੂਰੀ ਵਿਦੇਸ਼ ਜਾਣ ਅਤੇ ਜਾਂਚ ਲਈ ਪੇਸ਼ ਹੋਣ ਦੀ ਸ਼ਰਤ ਨਾਲ ਜ਼ਮਾਨਤ ਦਿੱਤੀ ਗਈ ਹੈ। ਹੁਣ ਵਾਡਰਾ ਵਲੋਂ ਕੋਰਟ ਨੂੰ ਕਿਹਾ ਗਿਆ ਹੈ ਕਿ ਈ.ਡੀ. ਕਹਿ ਰਿਹਾ ਹੈ ਇਹ ਸਿਰਫ਼ ਰੂਟੀਨ ਚੈੱਕਅਪ ਹੈ ਪਰ ਅਸੀਂ ਮੈਡੀਕਲ ਰਿਪੋਰਟ ਦਾਖਲ ਕਰ ਕੇ ਸਬੂਤ ਦੇ ਰਹੇ ਹਾਂ ਕਿ ਉਨ੍ਹਾਂ ਦੀ ਵੱਡੀ ਅੰਤੜੀ 'ਚ ਟਿਊਮਰ ਹੈ। ਦਰਅਸਲ ਰਾਬਰਟ ਵਿਰੁੱਧ ਦਰਜ ਈ.ਡੀ. ਦਾ ਮਾਮਲਾ ਲੰਡਨ ਦੇ 12 ਬ੍ਰਾਇਨਸਟਨ ਸਕਵਾਇਰ 'ਚ 19 ਲੱਖ ਪਾਊਂਡ ਕੀਮਤ ਦੀ ਜਾਇਦਾਦ ਦੀ ਖਰੀਦ 'ਚ ਹੋਏ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੈ। ਇਸ ਜਾਇਦਾਦ 'ਚ ਰਾਬਰਟ ਦਾ ਕਥਿਤ ਤੌਰ 'ਤੇ ਮਾਲਕਾਨਾ ਹੱਕ ਹੋਣ ਦਾ ਦੋਸ਼ ਹੈ।


author

DIsha

Content Editor

Related News