ਹਰਿਆਣਾ : ਕੇਕ ਲੈਣ ਦੇ ਬਹਾਨੇ ਘਰ 'ਚ ਵੜੇ ਲੁਟੇਰੇ, ਕੀਤਾ ਡਾਕਟਰ ਦਾ ਕਤਲ
Tuesday, Jan 10, 2023 - 05:40 PM (IST)
ਕੁਰੂਕੁਸ਼ੇਤਰ (ਭਾਸ਼ਾ)- ਹਰਿਆਣਾ ਦੇ ਕੁਰੂਕਸ਼ੇਤਰ 'ਚ ਅਣਪਛਾਤੇ ਲੁਟੇਰਿਆਂ ਵਲੋਂ ਮਹਿਲਾ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਸੈਕਟਰ-13 ਅਰਬਨ ਅਸਟੇਟ 'ਚ ਰਹਿਣ ਵਾਲੀ 60 ਸਾਲਾ ਮਹਿਲਾ ਡਾਕਟਰ ਸ਼ੌਂਕ ਵਜੋਂ ਘਰ 'ਚ ਹੀ ਬੇਕਰੀ ਚਲਾਉਂਦੀ ਸੀ। ਪੁਲਸ ਨੇ ਦੱਸਿਆ ਕਿ ਪੀੜਤਾ ਵਿਨਿਤਾ ਅਰੋੜਾ ਦਾ ਸੋਮਵਾਰ ਸ਼ਾਮ ਕਤਲ ਕਰ ਦਿੱਤਾ ਗਿਆ। ਵਿਨਿਤਾ ਆਪਣੇ ਘਰ ਤੋਂ ਹੀ ਕੇਕ ਅਤੇ ਬਿਸਕੁਟ ਬਣਾ ਕੇ ਵੇਚਦੀ ਸੀ। ਪੁਲਸ ਨੇ ਦੱਸਿਆ ਕਿ ਉਸ ਦੇ ਪਤੀ ਅਤੁਲ ਅਰੋੜਾ ਵੀ ਡਾਕਟਰ ਹਨ। ਅਤੁਲ ਦੇ ਕਲੀਨਿਕ ਦੇ ਕਰਮਚਾਰੀਆਂ ਅਨੁਸਾਰ, ਰਾਤ ਕਰੀਬ 9 ਵਜੇ ਲੋਕ ਕਲੀਨਿਕ 'ਤੇ ਆਏ ਅਤੇ ਕੇਕ ਦੀ ਡਿਲਿਵਰੀ ਲੈਣ ਉੱਪਰ ਚਲੇ ਗਏ। ਜਦੋਂ ਅਤੁਲ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਪਹਿਲੀ ਮੰਜ਼ਿਲ 'ਤੇ ਗਏ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਬੰਦੂਕ ਦਾ ਡਰ ਦਿਖਾ ਕੇ ਫੜ ਲਿਆ ਅਤੇ ਨਕਦੀ ਤੇ ਗਹਿਣੇ ਲੁੱਟ ਲਏ।
ਅਰੋੜਾ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਦੋਸ਼ੀ ਨਾਲ ਦੇ ਕਮਰੇ 'ਚ ਗਏ, ਉਨ੍ਹਾਂ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਆਪਣੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ। ਉਨ੍ਹਾਂ ਨੇ ਪੁਲਸ ਨੂੰ ਵੀ ਫ਼ੋਨ ਕੀਤਾ। ਜਦੋਂ ਉਹ ਕਲੀਨਿਕ ਪਰਤੇ ਤਾਂ ਉਨ੍ਹਾਂ ਨੇ ਵੇਖਿਆ ਕਿ ਦੋਸ਼ੀ ਲੁੱਟਖੋਹ ਕਰ ਕੇ ਚਲੇ ਗਏ ਸਨ ਅਤੇ ਉਨ੍ਹਾਂ ਦੀ ਪਤਨੀ ਖੂਨ ਨਾਲ ਲੱਥਪੱਥ ਇਕ ਕਮਰੇ 'ਚ ਪਈ ਸੀ। ਪੁਲਸ ਨੇ ਦੱਸਿਆ ਕਿ ਜ਼ਰੂਰ ਹੀ ਪੀੜਤਾ ਨੇ ਅਪਰਾਧੀਆਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦੇ ਸਿਰ 'ਤੇ ਵਾਰ ਕੀਤਾ। ਪੁਲਸ ਨੇ ਕਿਹਾ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਇਸ ਥਿਓਰੀ 'ਤੇ ਕੰਮ ਕਰ ਰਹੀ ਹੈ ਕਿ ਪਰਿਵਾਰ ਦੀ ਇਕ ਨੌਕਰਰਾਣੀ, ਜਿਸ ਨੂੰ ਹਾਲ ਹੀ 'ਚ ਚੋਰੀ ਦੇ ਦੋਸ਼ 'ਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ, ਉਸ ਦੇ ਅਪਰਾਧੀਆਂ ਨਾਲ ਸੰਬੰਧ ਸਨ ਅਤੇ ਹੋ ਸਕਦਾ ਹੈ ਕਿ ਉਸ ਨੇ ਬਦਲਾ ਲੈਣ ਲਈ ਲੁੱਟਖੋਹ ਦੀ ਯੋਜਨਾ ਬਣਾਈ ਹੋਵੇ। ਪੁਲਸ ਕਮਿਸ਼ਨਰ ਐੱਸ.ਐੱਸ. ਭੋਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਉਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਹ ਘਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖ ਰਹੇ ਹਨ। ਪੀੜਤਾ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੁਰੂਕੁਸ਼ੇਤਰ ਚੈਪਟਰ ਨੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।