ਵਿਦਿਆਰਥਣ ਤੋਂ ਮੋਬਾਇਲ ਲੁੱਟਣ ਵਾਲਾ Encounter ''ਚ ਢੇਰ, ਲੁੱਟ ਦਾ ਵੀਡੀਓ ਵੀ ਆਇਆ ਸਾਹਮਣੇ
Tuesday, Oct 31, 2023 - 06:07 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ 'ਚ ਬੀ.ਟੈੱਕ. ਦੀ ਵਿਦਿਆਰਥਣ ਕੀਰਤੀ ਸਿੰਘ ਤੋਂ ਮੋਬਾਇਲ ਲੁੱਟਣ ਦੇ ਮਾਮਲੇ ਦਾ ਦੂਜਾ ਮੁਲਜ਼ਮ ਜਤਿੰਦਰ ਉਰਫ਼ ਜੀਤੂ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸੋਮਵਾਰ ਸਵੇਰੇ ਕਰੀਬ 5 ਵਜੇ ਮਸੂਰੀ ਇਲਾਕੇ 'ਚ ਹੋਇਆ। ਵਿਦਿਆਰਥਣ ਦੀ ਐਤਵਾਰ ਸ਼ਾਮ ਯਸ਼ੋਦਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ 'ਚ ਸ਼ਨੀਵਾਰ ਸ਼ਾਮ ਨੂੰ ਹੋਏ ਮੁਕਾਬਲੇ 'ਚ ਇਕ ਲੁਟੇਰਾ ਜ਼ਖ਼ਮੀ ਹੋ ਚੁੱਕਾ ਹੈ, ਜੋ ਜੇਲ੍ਹ ਵਿੱਚ ਹੈ। ਇਸ ਘਟਨਾ ਦੇ ਸੁਰਖੀਆਂ 'ਚ ਆਉਣ ਤੋਂ ਬਾਅਦ ਮਾਮਲੇ 'ਚ ਕਾਰਵਾਈ ਕਰਦਿਆਂ ਇਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਥੇ ਹੀ 2 ਇੰਸਪੈਕਟਰ ਲਾਈਨ ਹਾਜ਼ਰ ਕੀਤੇ ਗਏ ਹਨ।
ਇਹ ਵੀ ਪੜ੍ਹੋ : Israel Hamas War : ਗਾਜ਼ਾ 'ਚ ਦਾਖਲ ਹੋਈ ਇਜ਼ਰਾਈਲੀ ਫ਼ੌਜ, ਹੁਣ ਤੱਕ 8300 ਤੋਂ ਵੱਧ ਮੌਤਾਂ
ਡੀਸੀਪੀ ਵਿਵੇਕ ਚੰਦਰ ਯਾਦਵ ਨੇ ਦੱਸਿਆ ਕਿ ਪੁਲਸ ਟੀਮ ਮਸੂਰੀ ਥਾਣਾ ਖੇਤਰ ਵਿੱਚ ਨਹਿਰ ਦੀ ਪਟੜੀ ’ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ 2 ਮੋਟਰਸਾਈਕਲਾਂ 'ਤੇ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਭੱਜਣ ਲੱਗੇ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲ਼ੀ ਚਲਾ ਦਿੱਤੀ, ਜੋ ਇਕ ਬਦਮਾਸ਼ ਨੂੰ ਲੱਗ ਗਈ। ਇਸ ਮੁਕਾਬਲੇ ਵਿੱਚ ਇਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : 23 ਸਾਲਾ ਜਰਮਨ ਕੁੜੀ ਦੀ ਮੌਤ, ਗਾਜ਼ਾ 'ਚ ਇਜ਼ਰਾਇਲੀ ਫ਼ੌਜ ਨੂੰ ਮਿਲੀ ਲਾਸ਼, ਹਮਾਸ ਨੇ ਕਰਵਾਈ ਸੀ ਨਗਨ ਪ੍ਰੇਡ
ਹਾਪੁੜ ਸ਼ਹਿਰ ਦੇ ਪੰਨਾਪੁਰੀ ਦਾ ਰਹਿਣ ਵਾਲਾ ਰਵਿੰਦਰ ਸਿੰਘ ਲੋਕੋ ਪਾਇਲਟ ਹੈ। ਉਸ ਦੀ ਧੀ ਕੀਰਤੀ ਸਿੰਘ ਗਾਜ਼ੀਆਬਾਦ ਦੇ ਇਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿੱਚ ਬੀ.ਟੈੱਕ. ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਬੀਤੀ 27 ਅਕਤੂਬਰ ਦੀ ਸ਼ਾਮ ਕੀਰਤੀ ਆਪਣੀ ਸਹੇਲੀ ਨਾਲ ਆਟੋ ਵਿੱਚ ਕਾਲਜ ਤੋਂ ਹਾਪੁੜ ਆ ਰਹੀ ਸੀ। ਰਸਤੇ 'ਚ ਡਾਸਨਾ ਫਲਾਈਓਵਰ ਨੇੜੇ ਬਾਈਕ ਸਵਾਰ 2 ਬਦਮਾਸ਼ ਆਏ ਤੇ ਉਨ੍ਹਾਂ ਆਟੋ 'ਚ ਬੈਠੀ ਕੀਰਤੀ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਕੀਰਤੀ ਨੇ ਆਪਣਾ ਮੋਬਾਇਲ ਨਹੀਂ ਛੱਡਿਆ ਤਾਂ ਬਦਮਾਸ਼ਾਂ ਨੇ ਉਸ ਨੂੰ ਧੱਕਾ ਮਾਰ ਕੇ ਆਟੋ 'ਚੋਂ ਹੇਠਾਂ ਸੁੱਟ ਦਿੱਤਾ। ਇਸ ਕਾਰਨ ਉਹ ਸਿਰ ’ਤੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਬਦਮਾਸ਼ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਬਾਅਦ 'ਚ ਵਿਦਿਆਰਥਣ ਨੂੰ ਗਾਜ਼ੀਆਬਾਦ ਦੇ ਯਸ਼ੋਦਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਵੈਂਟੀਲੇਟਰ 'ਤੇ ਸੀ। ਵਿਦਿਆਰਥਣ ਦੀ ਐਤਵਾਰ ਦੇਰ ਸ਼ਾਮ ਮੌਤ ਹੋ ਗਈ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ
ਗਾਜ਼ੀਆਬਾਦ ਦੇ ਮਸੂਰੀ ਪੁਲਸ ਸਟੇਸ਼ਨ ਨੇ ਸ਼ਨੀਵਾਰ ਦੇਰ ਸ਼ਾਮ ਇਸ ਮਾਮਲੇ 'ਚ ਇਕ ਲੁਟੇਰੇ ਨੂੰ ਵੀ ਐਨਕਾਊਂਟਰ 'ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਲੱਤ ਵਿੱਚ ਗੋਲ਼ੀ ਲੱਗੀ ਸੀ। ਮੁਲਜ਼ਮ ਬੋਬਿਲ ਉਰਫ਼ ਬਲਵੀਰ ਕੋਲੋਂ ਚੋਰੀ ਕੀਤਾ ਮੋਬਾਇਲ ਬਰਾਮਦ ਕਰ ਲਿਆ ਗਿਆ ਹੈ। ਡੀਸੀਪੀ ਵਿਵੇਕ ਚੰਦਰ ਯਾਦਵ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੇ ਮੋਟਰਸਾਈਕਲ ਦਾ ਨੰਬਰ ਹਾਈਵੇਅ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ਦੇ ਆਧਾਰ 'ਤੇ ਪੁਲਸ ਉਨ੍ਹਾਂ ਤੱਕ ਪਹੁੰਚੀ। ਜਤਿੰਦਰ ਉਰਫ ਜੀਤੂ ਖ਼ਿਲਾਫ਼ ਲੁੱਟ-ਖੋਹ ਦੇ 9 ਮਾਮਲੇ ਦਰਜ ਹਨ। ਬੋਬਿਲ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8