ਆਗਰਾ ''ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਟੈਂਕਰ ਵਿਚਾਲੇ ਟੱਕਰ ਨਾਲ 2 ਦੀ ਮੌਤ

Thursday, Nov 03, 2022 - 01:27 PM (IST)

ਆਗਰਾ ''ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਟੈਂਕਰ ਵਿਚਾਲੇ ਟੱਕਰ ਨਾਲ 2 ਦੀ ਮੌਤ

ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਆਗਰਾ ਫਿਰੋਜ਼ਾਬਾਦ ਰੋਡ 'ਤੇ ਕੁਬੇਰਪੁਰ ਨੇੜੇ ਵੀਰਵਾਰ ਤੜਕੇ ਰੋਡਵੇਜ਼ ਦੀ ਬੱਸ ਅਤੇ ਟੈਂਕਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਜ਼ਖ਼ਮੀਆਂ ਨੂੰ ਇੱਥੇ ਐੱਸ.ਐੱਨ. ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਏਤਮਾਦਪੁਰ ਥਾਣਾ ਖੇਤਰ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 10 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਸ 'ਚ ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਸੜਕ ਹਾਦਸੇ 'ਚ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਆਤਮਾ ਦੀ ਸ਼ਾਂਤੀ ਲਈ ਕਾਮਨਾ ਕਰਦੇ ਹੋਏ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।

ਯੋਗੀ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਵੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਜਾ ਕੇ ਰਾਹਤ ਕੰਮ ਨੂੰ ਜੰਗੀ ਪੱਧਰ 'ਤੇ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਨੇ ਦੱਸਿਆ ਕਿ ਆਗਰਾ ਫੋਰਟ ਡਿਪੋ ਦੀ ਬੱਸ ਕਾਨਪੁਰ ਤੋਂ ਆਗਰਾ ਪਰਤ ਰਹੀ ਸੀ। ਬੱਸ ਨੂੰ ਡਰਾਈਵਰ ਯੋਗੇਂਦਰ ਪ੍ਰਤਾਪ ਚਲਾ ਰਹੇ ਹਨ। ਹਨ੍ਹੇਰਾ ਹੋਣ ਕਾਰਨ ਡਰਾਈਵਰ ਅੱਗੇ ਚੱਲ ਰਹੇ ਟੈਂਕਰ ਨੂੰ ਦੇਖ ਨਹੀਂ ਸਕਿਆ। ਤੇਜ਼ ਰਫ਼ਤਾਰ ਬੱਸ ਚੱਲਦੇ ਟੈਂਕਰ 'ਚ ਪਿੱਛਿਓਂ ਜਾ ਵੜੀ। ਅਚਾਨਕ ਤੇਜ਼ ਆਵਾਜ਼ ਨਾਲ ਬੱਸ ਬੇਕਾਬੂ ਹੋ ਗਈ। ਹਾਦਸੇ ਦੇ ਸਮੇਂ ਬੱਸ 'ਚ ਕਰੀਬ 35 ਯਾਤਰੀ ਸਵਾਰ ਸਨ। ਟੱਕਰ ਹੁੰਦੇ ਹੀ ਸਵਾਰੀਆਂ 'ਚ ਚੀਕ-ਚਿਹਾੜਾ ਪੈ ਗਿਆ। ਹਾਦਸੇ 'ਚ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਰਾਹਗੀਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਅਤੇ ਸਥਾਨਕ ਲੋਕਾਂ ਨੇ ਯਾਤਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ, ਉਦੋਂ ਤੱਕ 2 ਯਾਤਰੀਆਂ ਦੀ ਮੌਤ ਹੋ ਚੁੱਕੀ ਸੀ। ਸਵਾਰੀਆਂ ਬੱਸ 'ਚ ਬੁਰੀ ਤਰ੍ਹਾਂ ਫਸ ਗਈਆਂ ਸਨ। ਕੁਝ ਸਵਾਰੀ ਸੀਟ ਦੇ ਹੇਠਾਂ ਪਈਆਂ ਸਨ। ਜ਼ਖ਼ਮੀਆਂ ਨੂੰ ਐਂਬੂਲੈਂਸ ਤੋਂ ਐੱਸ.ਐੱਨ. ਮੈਡੀਕਲ ਕਾਲਜ ਭੇਜਿਆ ਗਿਆ ਹੈ।


author

DIsha

Content Editor

Related News