ਸੜਕ ਹਾਦਸੇ ਘੱਟ ਕਰਨ ''ਚ ਨਹੀਂ ਮਿਲੀ ਸਫ਼ਲਤਾ : ਗਡਕਰੀ

Thursday, Jul 11, 2019 - 02:24 PM (IST)

ਸੜਕ ਹਾਦਸੇ ਘੱਟ ਕਰਨ ''ਚ ਨਹੀਂ ਮਿਲੀ ਸਫ਼ਲਤਾ : ਗਡਕਰੀ

ਨਵੀਂ ਦਿੱਲੀ— ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਦੇਸ਼ 'ਚ ਸੜਕ ਹਾਦਸੇ ਘੱਟ ਕਰਨ 'ਚ ਬਹੁਤ ਸਫ਼ਲਤਾ ਨਹੀਂ ਮਿਲੀ ਹੈ ਅਤੇ ਰਾਜਮਾਰਗਾਂ 'ਤੇ ਹਾਦਸੇ ਸੰਭਾਵਿਤ ਬਿੰਦੂਆਂ ਦੀ ਪਛਾਣ ਕਰਨ ਅਤੇ ਖਾਮੀਆਂ ਨੂੰ ਦੂਰ ਕਰ ਕੇ ਮਨੁੱਖੀ ਜੀਵਨ ਬਚਾਉਣ ਲਈ ਸਰਕਾਰ ਨੇ 14 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਗਡਕਰੀ ਨੇ ਦੱਸਿਆ ਕਿ ਵਿੱਤ ਮੰਤਰਾਲੇ ਨੇ ਇਸ ਪ੍ਰਾਜੈਕਟ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਮੰਤਰਾਲੇ ਇਸ ਨੂੰ ਲਾਗੂ ਕਰਨ ਲਈ ਵਿਸ਼ਵ ਬੈਂਕ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਨੇ ਪ੍ਰਸ਼ਨਕਾਲ 'ਚ ਪ੍ਰਸ਼ਨਾਂ ਦੇ ਉੱਤਰ 'ਚ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਸੜਕ ਹਾਦਸਿਆਂ 'ਚ ਬਹੁਤ ਜ਼ਿਆਦਾ ਕਮੀ ਨਹੀਂ ਆਈ ਹੈ। ਇਸ ਮਾਮਲੇ 'ਚ ਸਫ਼ਲਤਾ ਦੀ ਦਰ ਬਹੁਤ ਚੰਗੀ ਨਹੀਂ ਹੈ। ਗਡਕਰੀ ਨੇ ਕਿਹਾ,''ਹਾਦਸਿਆਂ ਦੇ ਮਾਮਲੇ 'ਚ ਸਥਿਤੀ 'ਚ ਜ਼ਿਆਦਾ ਸੁਧਾਰ ਨਹੀਂ ਹੋਇਆ ਹੈ। ਦੇਸ਼ 'ਚ ਸੜਕ ਹਾਦਸਿਆਂ 'ਚ ਸਿਰਫ਼ 1.5 ਫੀਸਦੀ ਦੀ ਕਮੀ ਆਈ ਹੈ।'' ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾ ਸਰਕਾਰ ਦੀਆਂ ਸਰਵਉੱਚ ਪਹਿਲਾਂ 'ਚ ਹੈ ਅਤੇ ਸਰਕਾਰ ਨੇ ਇਸ ਲਈ ਪ੍ਰਾਜੈਕਟ ਤਿਆਰ ਕੀਤਾ ਹੈ। ਗਡਕਰੀ ਨੇ ਕਿਹਾ ਕਿ ਇਸ ਮਾਮਲੇ 'ਚ ਤਾਮਿਲਨਾਡੂ ਸਰਕਾਰ ਨੇ ਦੇਸ਼ 'ਚ ਸਭ ਤੋਂ ਚੰਗਾ ਕੰਮ ਕੀਤਾ ਹੈ। ਰਾਜ 'ਚ ਸੜਕ ਹਾਦਸਿਆਂ 'ਚ 15 ਫੀਸਦੀ ਤੱਕ ਦੀ ਗਿਰਾਵਟ ਆਈ ਹੈ।


author

DIsha

Content Editor

Related News