ਹਿੰਡਨ ਨਦੀ ''ਚ ਡਿੱਗੀ ਕਾਰ, ਹੈੱਡ ਕਾਂਸਟੇਬਲ ਸਣੇ 2 ਦੀ ਮੌਤ
Tuesday, Dec 16, 2025 - 12:00 PM (IST)
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਕਾਰ ਹਿੰਡਨ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਉਸ 'ਚ ਸਵਾਰ ਇਕ ਹੈੱਡ ਕਾਂਸਟੇਬਲ ਸਣੇ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਕਾਂਸਟੇਬਲ ਸਮੇਤ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਬਾਲੈਨੀ ਮਾਰਗ 'ਤੇ ਬਾਲੈਨੀ ਪੁਲ ਦੀ ਹੈ ਪਰ ਘਟਨਾ ਦੀ ਜਾਣਕਾਰੀ ਮੰਗਲਵਾਰ ਨੂੰ ਮਿਲੀ। ਜਾਨੀ ਥਾਣਾ ਇੰਚਾਰਜ ਇੰਸਪੈਕਟਰ ਅਖਿਲ ਕੁਮਾਰ ਮਿਸ਼ਰ ਨੇ ਹਾਦਸੇ 'ਚ ਬਾਗਪਤ ਜ਼ਿਲ੍ਹੇ ਦੇ ਸਿੰਘਾਵਲੀ ਅਹੀਰ ਥਾਣੇ 'ਚ ਤਾਇਨਾਤ ਹੈੱਡ ਕਾਂਸਟੇਬਲ ਅਤੇ ਬੁਲੰਦਸ਼ਹਿਰ ਦੇ ਗੰਗਾਹਰਿ ਵਾਸੀ ਰਾਹੁਲ ਕੁਮਾਰ (35) ਅਤੇ ਬਾਗਪਤ ਵਾਸੀ ਅਜਰੂਦੀਨ (32) ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ 'ਚ ਕਾਂਸਟੇਬਲ ਕੌਸ਼ਲ ਸ਼ਰਮਾ ਅਤੇ 2 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਮਿਸ਼ਰ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 4 ਵਜੇ ਜ਼ਖ਼ਮੀ ਗੁੱਡੂ ਦੇ ਹੋਸ਼ 'ਚ ਆਉਣ ਤੋਂ ਬਾਅਦ ਪੁਲਸ ਅਤੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਕਾਰ ਹਿੰਡਨ ਨਦੀ ਦੇ ਇਕ ਕਿਨਾਰੇ ਨੁਕਸਾਨੀ ਹਾਲਤ 'ਚ ਮਿਲੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਇਕ ਮਾਮਲੇ 'ਚ ਪੁਲਸ ਕਾਰਵਾਈ 'ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ, ਉਦੋਂ ਹਾਦਸਾ ਵਾਪਰਿਆ।
