ਹਲਦਵਾਨੀ ਹਿੰਸਾ 'ਚ ਹੋਈ 6 ਲੋਕਾਂ ਦੀ ਮੌਤ, 300 ਤੋਂ ਵੱਧ ਹੋਏ ਜ਼ਖਮੀ, ਦੂਜੇ ਦਿਨ ਵੀ ਇੰਟਰਨੈੱਟ ਸੇਵਾ ਬੰਦ
Saturday, Feb 10, 2024 - 05:23 AM (IST)
ਹਲਦਵਾਨੀ (ਭਾਸ਼ਾ)- ਹਲਦਵਾਨੀ ਦੇ ਬਨਭੂਲਪੁਰਾ ਇਲਾਕੇ ’ਚ ਵੀਰਵਾਰ ਨੂੰ ਇਕ ਨਾਜਾਇਜ਼ ਮਦਰੱਸਾ ਨੂੰ ਤੋੜੇ ਜਾਣ ਦਾ ਕਾਰਵਾਈ ਦੌਰਾਨ ਭੜਕੀ ਹਿੰਸਾ ਦੇ ਦੂਜੇ ਦਿਨ ਵੀ ਇਲਾਕੇ ’ਚ ਕਰਫਿਊ ਲਾਗੂ ਰਿਹਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹਨ। ਤਿੰਨ ਮਾਮਲਿਆਂ ’ਚ 19 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਕਰੀਬ 5000 ਅਣਪਛਾਤੇ ਲੋਕਾਂ ਨੂੰ ਮਾਮਲੇ ’ਚ ਸ਼ਾਮਲ ਕੀਤਾ ਗਿਆ ਹੈ। ਘਟਨਾ ਲਈ ਜ਼ਿੰਮੇਵਾਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰਨਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਫਰੋਲੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜੇਕਰ ਤੁਹਾਡੇ ਕੋਲ ਵੀ ਹੈ ਇਕ ਤੋਂ ਵੱਧ ਗੈਸ ਕੁਨੈਕਸ਼ਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸ਼ੁਰੂ ਹੋ ਰਹੀ ਹੈ 'Gas KYC'
ਜਾਣਕਾਰੀ ਮੁਤਾਬਕ ਇਸ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਇਸ ਹਿੰਸਾ ਕਾਰਨ ਇਕ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਕਰਫਿਊ ਕਾਰਨ ਹਲਦਵਾਨੀ ਦੇ ਬਨਭੂਲਪੁਰਾ ਇਲਾਕੇ ’ਚ ਸ਼ੁੱਕਰਵਾਰ ਨੂੰ ਸੰਨਾਟਾ ਛਾਇਆ ਰਿਹਾ। ਸੜਕਾਂ ’ਤੇ ਫੈਲੇ ਪੱਥਰ ਅਤੇ ਸੜੇ ਵਾਹਨਾਂ ਦੇ ਟੁਕੜੇ ਉਥੇ ਹੋਈ ਹਿੰਸਾ ਦੀ ਗਵਾਹੀ ਦੇ ਰਹੇ ਸਨ। ਸ਼ੁੱਕਰਵਾਰ ਨੂੰ ਕਿਤੇ ਵੀ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ। ਨਾਜ਼ੁਕ ਇਲਾਕਿਆਂ ’ਚ ਕਰੀਬ 1100 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ। ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਦਕਿ ਸਕੂਲਾਂ-ਕਾਲਜਾਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ।
ਹਮਲਾ ਯੋਜਨਾਬੱਧ ਸੀ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਧਾਮੀ
ਹਲਦਵਾਨੀ ’ਚ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ’ਤੇ ਕਬਜ਼ੇ ਹਟਾਉਣ ਪਹੁੰਚੀ ਪ੍ਰਸ਼ਾਸਨ ਅਤੇ ਪੁਲਸ ਦੀ ਟੀਮ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਹਸਪਤਾਲ ਪੁੱਜ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਿਹੜੇ ਲੋਕਾਂ ਨੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਹੈ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਅੰਸ਼ੁਮਨ ਸਿੰਘ ਨੂੰ ਫਿਲਹਾਲ ਹਲਦਵਾਨੀ ’ਚ ਕੈਂਪ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਆਪਣੇ ਹੀ ਕੀਤੇ ਸਰਵੇ 'ਚ ਹਾਰ ਰਹੀ ਪਾਰਟੀ
ਭੀੜ ’ਚ ਕਈ ਲੋਕਾਂ ਕੋਲ ਦੇਸੀ ਪਿਸਤੌਲ ਅਤੇ ਹੋਰ ਹਥਿਆਰ ਸਨ
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਭੀੜ ’ਚ ਕਈ ਲੋਕਾਂ ਕੋਲ ਦੇਸੀ ਪਿਸਤੌਲ ਅਤੇ ਹੋਰ ਹਥਿਆਰ ਸਨ। ਭੀੜ ਨੂੰ ਭੜਕਾਉਣ ’ਚ 15-20 ਲੋਕ ਸ਼ਾਮਲ ਹੋ ਸਕਦੇ ਹਨ। ਹਿੰਸਾ ਪੂਰੀ ਤਰ੍ਹਾਂ ਬਿਨਾਂ ਭੜਕਾਹਟ ਦੇ ਸੀ ਅਤੇ ਬੇਕਾਬੂ ਤੱਤਾਂ ਵੱਲੋਂ ਕੀਤੀ ਗਈ ਸੀ ਜੋ ਢਾਂਚੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ ਪਰ ਅਧਿਕਾਰੀਆਂ, ਸੂਬਾ ਸਰਕਾਰ ਦੀ ਮਸ਼ੀਨਰੀ ਅਤੇ ਕਾਨੂੰਨ ਵਿਵਸਥਾ ਨੂੰ ਨਿਸ਼ਾਨਾ ਬਣਾ ਰਹੇ ਸਨ। ਹਿੰਸਾ ਨੂੰ ਯਾਦ ਕਰਦਿਆਂ ਹਸਪਤਾਲ ’ਚ ਇਲਾਜ ਅਧੀਨ ਇਕ ਮਹਿਲਾ ਪੁਲਸ ਮੁਲਾਜ਼ਮ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਜ਼ਿੰਦਾ ਬਚੀ।'
ਥਾਣੇ ਨੂੰ ਅੱਗ ਲਾਉਣ ਤੋਂ ਬਾਅਦ ਦਿੱਤੇ ਗਏ ਪੈਰ ’ਚ ਗੋਲੀ ਮਾਰਨ ਦੇ ਹੁਕਮ
ਨੈਨੀਤਾਲ ਜ਼ਿਲ੍ਹਾ ਮੈਜਿਸਟ੍ਰੇਟ ਵੰਦਨਾ ਸਿੰਘ ਨੇ ਕਿਹਾ ਕਿ ਹਿੰਸਾ ਵਿਚ ਮਾਰੇ ਗਏ ਕੁਝ ਦੰਗਾਕਾਰੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਭੀੜ ਵੱਲੋਂ ਥਾਣੇ ਨੂੰ ਅੱਗ ਲਾਉਣ ਤੋਂ ਬਾਅਦ ਹਾਲਾਤ ਨੂੰ ਕਾਬੂ ’ਚ ਕਰਨ ਲਈ ਪੈਰ ’ਚ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਛੱਤਾਂ ਤੋਂ ਹੋਈ ਸੀ, ਜਿੱਥੇ ਸ਼ਾਇਦ ਪੱਥਰ ਇਕੱਠੇ ਕੀਤੇ ਗਏ ਸਨ। ਉੱਤਰਾਖੰਡ ਪੁਲਸ ਦੇ ਡਾਇਰੈਕਟਰ ਜਨਰਲ ਕੁਮਾਰ ਨੇ ਕਿਹਾ ਕਿ ਪੁਲਸ ਕਰਮਚਾਰੀਆਂ ’ਤੇ ਹਮਲਾ ਕਰਨ ਅਤੇ ਸਾੜ-ਫੂਕ ਅਤੇ ਭੰਨ-ਤੋੜ ਕਰਨ ’ਚ ਸ਼ਾਮਲ ਪਾਏ ਜਾਣ ਵਾਲੇ ਤੱਤਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੋਹਾਲੀ ਵਿਖੇ ਪੁਲਸ ਮੁਕਾਬਲੇ 'ਚ ਫੜੇ ਗਏ ਰਾਜਨ ਭੱਟੀ ਤੋਂ ਖਰੀਦ ਕੇ ਹੈਰੋਇਨ ਵੇਚਣ ਵਾਲੇ ਸਮੱਗਲਰ ਪੁਲਸ ਨੇ ਕੀਤੇ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e