RG Kar Case: ਟ੍ਰੇਨੀ ਡਾਕਟਰ ਦੇ ਮਾਤਾ-ਪਿਤਾ ਨੂੰ 7 ਮਹੀਨਿਆਂ ਬਾਅਦ ਮਿਲਿਆ ਡੈੱਥ ਸਰਟੀਫਿਕੇਟ
Friday, Mar 21, 2025 - 04:21 AM (IST)

ਕੋਲਕਾਤਾ - ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੀ ਘਟਨਾ ਤੋਂ 7 ਮਹੀਨਿਆਂ ਬਾਅਦ ਮ੍ਰਿਤਕਾ ਦੇ ਮਾਤਾ-ਪਿਤਾ ਨੂੰ ਪੱਛਮੀ ਬੰਗਾਲ ਦੇ ਸਿਹਤ ਸਕੱਤਰ ਐੱਨ. ਐੱਸ. ਨਿਗਮ ਨੇ ਡੈੱਥ ਸਰਟੀਫਿਕੇਟ ਸੌਂਪਿਆ। ਸਿਹਤ ਸਕੱਤਰ, ਆਰ. ਜੀ. ਕਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਵਾਈਸ ਪ੍ਰਿੰਸੀਪਲ (ਐੱਮ. ਐੱਸ. ਵੀ. ਪੀ.) ਨਾਲ ਬੁੱਧਵਾਰ ਸ਼ਾਮ ਮ੍ਰਿਤਕਾ ਦੇ ਘਰ ਗਏ ਅਤੇ ਉਸ ਦੇ ਮਾਤਾ-ਪਿਤਾ ਨੂੰ ਡੈੱਥ ਸਰਟੀਫਿਕੇਟ ਸੌਂਪਿਆ।
ਨਿਗਮ ਨੇ ਕਿਹਾ, ‘‘ਉਨ੍ਹਾਂ ਨੂੰ ਮੂਲ ਮੌਤ ਦੇ ਸਰਟੀਫਿਕੇਟ ਦੀ ਲੋੜ ਸੀ। ਅੱਜ, ਮੈਂ ਇਥੇ ਆਇਆ ਅਤੇ ਉਨ੍ਹਾਂ ਨੂੰ ਇਹ ਸੌਂਪ ਦਿੱਤਾ। ਕੋਈ ਚਰਚਾ ਨਹੀਂ ਹੋਈ।’’ ਪਿਛਲੇ ਕਾਫ਼ੀ ਸਮੇਂ ਤੋਂ ਮੌਤ ਦੇ ਸਰਟੀਫਿਕੇਟ ਦੀ ਮੰਗ ਕਰ ਰਹੇ ਮ੍ਰਿਤਕਾ ਦੇ ਪਿਤਾ ਨੇ ਕਿਹਾ, ‘‘ਸਿਹਤ ਸਕੱਤਰ ਅਚਾਨਕ ਸਾਡੇ ਘਰ ਆਏ ਅਤੇ ਸਾਨੂੰ ਮੂਲ ਦਸਤਾਵੇਜ਼ ਸੌਂਪਿਆ।’’ ਉਨ੍ਹਾਂ ਦੋਸ਼ ਲਾਇਆ, ‘‘ਡੈੱਥ ਸਰਟੀਫਿਕੇਟ ਲਈ ਸਾਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਅਸੀਂ ਜਨਵਰੀ ’ਚ ਇਕ ਈ-ਮੇਲ ਭੇਜੀ ਸੀ ਅਤੇ ਉਸ ਤੋਂ ਬਾਅਦ ਵੀ ਸਾਨੂੰ ਇਕ ਵਿਭਾਗ ਤੋਂ ਦੂਜੇ ਵਿਭਾਗ ਦੇ ਚੱਕਰ ਲਾਉਣੇ ਪਏ ਪਰ ਕਿਸੇ ਨੇ ਸਹਿਯੋਗ ਨਹੀਂ ਕੀਤਾ।’’