ਵੈਸ਼ਣੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ 'ਆਰ.ਐੱਫ.ਆਈ.ਡੀ.' ਦੀ ਹੋਵੇਗੀ ਸ਼ੁਰੂਆਤ

Monday, May 23, 2022 - 11:55 AM (IST)

ਵੈਸ਼ਣੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ 'ਆਰ.ਐੱਫ.ਆਈ.ਡੀ.' ਦੀ ਹੋਵੇਗੀ ਸ਼ੁਰੂਆਤ

ਜੰਮੂ (ਭਾਸ਼ਾ)- ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟ ਪਹਾੜੀ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਦੀ ਯੋਜਨਾ ਬਣਾਉਣ ਵਾਲੇ ਸ਼ਰਧਾਲੂਆਂ ਲਈ ਛੇਤੀ ਹੀ ਇਕ ਰੇਡੀਓ ਫ੍ਰੀਕੁਐਂਸੀ ਪਛਾਣ ਪੱਤਰ (ਆਰ.ਐੱਫ.ਆਈ.ਡੀ.) ਪੇਸ਼ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਵਾਜਾਈ 'ਤੇ ਨਜ਼ਰ ਰੱਖੀ ਜਾ ਸਕੇ ਅਤੇ ਐਮਰਜੈਂਸੀ ਸਥਿਤੀ 'ਚ ਸਾਰੇ ਜ਼ਰੂਰੀ ਕਦਮ ਯਕੀਨੀ ਕੀਤੀ ਜਾ ਸਕੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ 2000 ਯਾਤਰੀਆਂ ਦੀ ਸਮਰੱਥਾ ਵਾਲੇ ਦੁਰਗਾ ਭਵਨ ਦੀ ਉਸਾਰੀ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਜੋ ਮੰਦਿਰ ਵਿਚ ਹੋਣ ਵਾਲੀ ਭੀੜ ਤੋਂ ਬਚਿਆ ਜਾ ਸਕੇ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਪ੍ਰਸ਼ਾਸਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਜ਼ਰੀਏ ਮੰਦਰ 'ਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਆਰ.ਐੱਫ.ਆਈ.ਡੀ. ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਦੀ ਆਮਦ 'ਤੇ ਨਜ਼ਰ ਰੱਖਣ 'ਚ ਮਦਦ ਮਿਲੇਗੀ ਅਤੇ ਯਾਤਰਾ ਰੂਟ 'ਤੇ ਭੀੜ ਵਾਲੀ ਸਥਿਤੀ 'ਚ ਪ੍ਰਭਾਵਸ਼ਾਲੀ ਉਪਾਅ ਵੀ ਯਕੀਨੀ ਬਣਾਏ ਜਾ ਸਕਣਗੇ। ਸਾਲ ਦੇ ਪਹਿਲੇ ਦਿਨ ਮੰਦਰ ਮਾਰਗ 'ਤੇ ਮਚੀ ਭੱਜ-ਦੌੜ ਨੂੰ ਦੇਖਦੇ ਹੋਏ ਇਹ ਕਦਮ ਚੁੱਕੇ ਗਏ ਹਨ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 16 ਹੋਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ : ਪਾਉਂਟਾ ਸਾਹਿਬ ’ਚ ਨਦੀ ’ਚ ਨਹਾਉਂਦਿਆਂ ਲੁਧਿਆਣਾ ਦਾ ਨੌਜਵਾਨ ਡੁੱਬਾ, 2 ਬਚਾਏ

ਮੰਦਰ ਮਾਰਗ 'ਤੇ ਇਸ ਤਰ੍ਹਾਂ ਦਾ ਇਹ ਪਹਿਲਾ ਹਾਦਸਾ ਸੀ, ਜਿਸ ਤੋਂ ਬਾਅਦ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ 100 ਫੀਸਦੀ ਆਨਲਾਈਨ ਰਜਿਸਟ੍ਰੇਸ਼ਨ ਸਮੇਤ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਸਿਨਹਾ ਨੇ ਮਹੱਤਵਪੂਰਨ ਜਾਂਚ, ਬੁਨਿਆਦੀ ਢਾਂਚੇ 'ਚ ਵਾਧਾ, ਪੂਰੇ ਰੂਟ 'ਤੇ ਭੀੜ ਘੱਟ ਕਰਨ, ਭੀੜ ਅਤੇ ਲਾਈਨ ਪ੍ਰਬੰਧਨ ਅਤੇ ਆਰ.ਐੱਫ.ਆਈ.ਡੀ. ਟਰੈਕਿੰਗ ਸਮੇਤ ਕਈ ਸੁਧਾਰ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਆਰ.ਐੱਫ.ਆਈ.ਡੀ. ਵਾਇਰਲੈੱਸ ਤਕਨੀਕ 'ਤੇ ਆਧਾਰਤ ਹੁੰਦਾ ਹੈ, ਜਿਸ ਦੀ ਵਰਤੋਂ ਰੇਡੀਓ ਤਰੰਗਾਂ ਦੇ ਮਾਧਿਅਮ ਨਾਲ ਟਰੈਕਿੰਗ ਲਈ ਕੀਤਾ ਜਾਂਦਾ ਹੈ। ਇਸ ਦੇ ਟੈਗ 'ਚ ਗੁਪਤ ਜਾਣਕਾਰੀ, ਸੀਰੀਅਲ ਨੰਬਰ ਅਤੇ ਛੋਟਾ ਵੇਰਵਾ ਦਰਜ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਮਾਰਤ (ਪਵਿੱਤਰ ਅਸਥਾਨ) 'ਤੇ ਭਾਰੀ ਭੀੜ ਨੂੰ ਦੇਖਦੇ ਹੋਏ, ਖ਼ਰਾਬ ਮੌਸਮ ਕਾਰਨ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ ਲਈ ਪ੍ਰਸਤਾਵਿਤ ਦੁਰਗਾ ਭਵਨ ਦੇ ਨਿਰਮਾਣ ਦੇ ਕੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਸਾਲ 2021 'ਚ 55.77 ਲੱਖ ਤੋਂ ਵੱਧ ਸ਼ਰਧਾਲੂ ਵੈਸ਼ਨੋ ਦੇਵੀ ਮੰਦਰ 'ਚ ਦਰਸ਼ਨਾਂ ਲਈ ਪਹੁੰਚੇ ਸਨ, ਜਦਕਿ ਉਸ ਤੋਂ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਿਰਫ਼ 17 ਲੱਖ ਸ਼ਰਧਾਲੂ ਹੀ ਉੱਥੇ ਗਏ ਸਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਮਹਾਮਾਰੀ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰੋਜ਼ਾਨਾ ਗਿਣਤੀ 50,000 ਤੱਕ ਸੀਮਤ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News