ਮੇਰਠ ’ਚ ਪੁਲਸ ਮੁਕਾਬਲੇ ’ਚ 25 ਹਜ਼ਾਰ ਦਾ ਇਨਾਮੀ ਬਦਮਾਸ਼ ਢੇਰ
Monday, Oct 13, 2025 - 11:14 PM (IST)

ਮੇਰਠ (ਯੂ. ਐੱਨ. ਆਈ.)-ਉੱਤਰ ਪ੍ਰਦੇਸ਼ ਦੇ ਮੇਰਠ ਦਿਹਾਤੀ ਖੇਤਰ ਦੇ ਸਰੂਰਪੁਰ ਇਲਾਕੇ ਵਿਚ ਸੋਮਵਾਰ ਤੜਕੇ ਹੋਏ ਪੁਲਸ ਮੁਕਾਬਲੇ ’ਚ 25 ਹਜ਼ਾਰ ਰੁਪਏ ਦਾ ਇਨਾਮੀ ਅਪਰਾਧੀ ਸ਼ਹਿਜਾਦ ਉਰਫ ਨਿੱਕੀ ਮਾਰਿਆ ਗਿਆ। ਪੁਲਸ ਮੁਤਾਬਕ ਉਹ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਧਮਕੀ ਦੇਣ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
ਅਧਿਕਾਰੀਆਂ ਮੁਤਾਬਕ ਸੋਮਵਾਰ ਸਵੇਰੇ ਲੱਗਭਗ ਸਾਢੇ 5 ਵਜੇ ਸਰਧਨਾ-ਬਿਨੌਲੀ ਮਾਰਗ ’ਤੇ ਵਾਹਨਾਂ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਪੁਲਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਸ਼ਹਿਜਾਦ ਜ਼ਖਮੀ ਹੋ ਕੇ ਡਿੱਗ ਪਿਆ। ਉਸਨੂੰ ਜ਼ਿਲਾ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ’ਚ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਲੱਗੀ ਪਰ ਬੁਲੇਟਪਰੂਫ ਜੈਕੇਟ ਕਾਰਨ ਉਹ ਵਾਲ-ਵਾਲ ਬਚ ਗਿਆ। ਪੁਲਸ ਨੇ ਮੋਕੇ ਤੋਂ ਇਕ ਪਿਸਤੌਲ, ਕਾਰਤੂਸ ਅਤੇ ਇਕ ਗੈਰ-ਰਜਿਸਟਰਡ ਮੋਟਰਸਾਈਕਲ ਬਰਾਮਦ ਕੀਤਾ ਹੈ।
ਸੀਨੀਅਰ ਪੁਲਸ ਸੁਪਰਡੈਂਟ ਡਾ. ਵਿਪਿਨ ਤਾਡਾ ਨੇ ਦੱਸਿਆ ਕਿ ਸ਼ਹਿਜਾਦ ਪਹਿਲਾਂ ਵੀ ਨਾਬਾਲਗ ਕੁੜੀਆਂ ਨਾਲ ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਜੇਲ ਜਾ ਚੁੱਕਾ ਸੀ। ਹਾਲ ਹੀ ਵਿਚ ਉਸਨੇ ਇਕ ਪੀੜਤਾ ਦੇ ਘਰ ’ਤੇ ਗੋਲੀਬਾਰੀ ਕਰ ਕੇ ਪਰਿਵਾਰ ਨੂੰ ਮੁਕੱਦਮਾ ਵਾਪਸ ਲੈਣ ਦੀ ਧਮਕੀ ਦਿੱਤੀ ਸੀ। ਇਸੇ ਘਟਨਾ ਤੋਂ ਬਾਅਦ ਤੋਂ ਪੁਲਸ ਉਸਦੀ ਭਾਲ ਕਰ ਰਹੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦਾ ਜਾਂਚ ਜਾਰੀ ਹੈ।