ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਇਸ ਸ਼ਖਸ ਨੇ 1 ਸਾਲ ਤੱਕ ਚਲਾਇਆ ਲੰਗਰ, ਰੋਜ਼ਾਨਾ ਖਰਚ ਹੁੰਦੇ ਸਨ ਲੱਖਾਂ ਰੁਪਏ
Sunday, Dec 12, 2021 - 06:00 PM (IST)
ਨਵੀਂ ਦਿੱਲੀ— ਕਿਸਾਨ ਮੋਰਚਾ ਫਤਿਹ ਕਰ ਕੇ ਆਪਣੇ ਘਰਾਂ ਵਿਚ ਵਾਪਸ ਪਰਤ ਰਹੇ ਹਨ। ਅਜਿਹੇ ਵਿਚ ਸਿੰਘੂ ਬਾਰਡਰ ’ਤੇ ਕਿਸਾਨਾਂ ਲਈ 1 ਸਾਲ ਤੱਕ ਲੰਗਰ ਚਲਾਉਣ ਵਾਲੇ ਇਕ ਰੈਸਟੋਰੈਂਟ ਦੇ ਮਾਲਕ ਸੁਰਖੀਆਂ ਵਿਚ ਹਨ। ਇਨ੍ਹਾਂ ਨੇ ਅੰਦੋਲਨ ਦੌਰਾਨ ਹਜ਼ਾਰਾਂ ਕਿਸਾਨਾਂ ਨੂੰ ਮੁਫ਼ਤ ਵਿਚ ਭੋਜਨ ਕਰਵਾਇਆ। ਹੁਣ ਉਸ ਰੈਸਟੋਰੈਂਟ ਨੂੰ ਮੁੜ ਤੋਂ ਖੋਲ੍ਹਣ ਲਈ ਤਿਆਰ ਹਨ, ਜੋ ਕਿਸਾਨ ਅੰਦੋਲਨ ਕਾਰਨ ਬੰਦ ਹੋ ਗਿਆ ਸੀ। ‘ਗੋਲਡਨ ਹਟ’ ਦੇ ਮਾਲਕ ਰਾਣਾ ਰਾਮਪਾਲ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਆਪਣੀ ਖ਼ੁਸ਼ੀ ਜ਼ਾਹਰ ਨਹੀਂ ਕਰ ਸਕਦਾ। ਖੁਸ਼ੀ ਦਾ ਮੁੱਖ ਕਾਰਨ ਕਿਸਾਨਾਂ ਦੀ ਜਿੱਤ ਹੈ। ਕਿਸਾਨ ਮੇਰਾ ਪਰਿਵਾਰ ਹੈ। ਇਹ ਲੰਗਰ ਉਦੋਂ ਤੱਕ ਚਲੇਗਾ, ਜਦੋਂ ਤੱਕ ਕਿ ਹਰ ਇਕ ਕਿਸਾਨ ਆਪਣੇ ਘਰ ਨਹੀਂ ਚਲਾ ਜਾਂਦਾ।
ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)
ਰਾਣਾ ਰਾਮਪਾਲ ਰੋਜ਼ਾਨਾ ਕਰੀਬ 4 ਲੱਖ ਰੁਪਏ ਖ਼ਰਚ ਕਰ ਕੇ ਕਿਸਾਨਾਂ ਲਈ ਲੰਗਰ ਚਲਾ ਰਹੇ ਸਨ। ਧਰਨਾ ਪ੍ਰਦਰਸ਼ਨ ਖ਼ਤਮ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਤੋਂ ਚੱਲ ਰਹੇ ਅੰਦੋਲਨ ਨੂੰ ਵਾਪਸ ਲੈਣ ਤੋਂ ਬਾਅਦ ਜ਼ਿਆਦਾਤਰ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਨੂੰ ਛੱਡ ਦਿੱਤਾ ਅਤੇ ਘਰ ਪਰਤ ਆਏ।
ਇਹ ਵੀ ਪੜ੍ਹੋ : ਸਾਲ ਭਰ ਦਾ ਲੰਬਾ ਸੰਘਰਸ਼, ਜਿੱਤ ਦੀ ਖ਼ੁਸ਼ੀ ਅਤੇ ਅੰਦੋਲਨ ਦੀਆਂ ਯਾਦਾਂ ਨਾਲ ਘਰਾਂ ਨੂੰ ਪਰਤਣ ਲੱਗਾ ‘ਅੰਨਦਾਤਾ’
ਜ਼ਿਕਰਯੋਗ ਹੈ ਕਿ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ— ਕਿਸਾਨਾਂ ਦਾ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ 2020, ਮੁੱਲ ਭਰੋਸਾ ਅਤੇ ਖੇਤੀ ਸੇਵਾਵਾਂ ਐਕਟ 2020 ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ, ਜ਼ਰੂਰੀ ਵਸਤਾਂ (ਸੋਧ) ਐਕਟ, 2020 ਵਾਪਸ ਲੈਣ ਦਾ ਐਲਾਨ ਕੀਤਾ ਸੀ। 29 ਨਵੰਬਰ ਨੂੰ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਨਵੰਬਰ 2020 ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨੇ ’ਤੇ ਬੈਠੇ ਸਨ।
ਇਹ ਵੀ ਪੜ੍ਹੋ : ਕਿਸਾਨਾਂ ਦੀ ਘਰ ਵਾਪਸੀ ਤੋਂ ਬਾਅਦ ਖੁੱਲ੍ਹ ਗਿਆ ਟਿਕਰੀ ਬਾਰਡਰ (ਵੇਖੋ ਤਸਵੀਰਾਂ)