ਕੌਣ ਬਣੇਗਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਜਾਰੀ, ਦ੍ਰੌਪਦੀ ਮੁਰਮੂ ਦੇ ਘਰ ਜਸ਼ਨ ਦਾ ਮਾਹੌਲ

Thursday, Jul 21, 2022 - 12:24 PM (IST)

ਕੌਣ ਬਣੇਗਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਜਾਰੀ, ਦ੍ਰੌਪਦੀ ਮੁਰਮੂ ਦੇ ਘਰ ਜਸ਼ਨ ਦਾ ਮਾਹੌਲ

ਨਵੀਂ ਦਿੱਲੀ– ਦੇਸ਼ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ। 18 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਐਲਾਨ ਹੋ ਜਾਣਗੇ। ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਦਿੱਲੀ ਵਿਖੇ ਸੰਸਦ ਭਵਨ ’ਚ ਜਾਰੀ ਹੈ। ਵੋਟਾਂ ਦੀ ਗਿਣਤੀ ਦੇ ਪਹਿਲੇ ਦੌਰ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਵੱਖ-ਵੱਖ ਸੂਬਿਆਂ ਤੋਂ ਲਿਆਂਦੀਆਂ ਗਈਆਂ ਵੋਟ ਪੇਟੀਆਂ ਨੂੰ ਕੱਢ ਕੇ ਵੱਖ-ਵੱਖ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਜਾਂ ਯਸ਼ਵੰਤ ਸਿਨਹਾ, ਕੌਣ ਹੋਵੇਗਾ ਭਾਰਤ ਦਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਅੱਜ

ਰਾਸ਼ਟਰਪਤੀ ਚੋਣਾਂ ਲਈ ਰਾਜ ਸਭਾ ਦੇ ਜਨਰਲ ਸਕੱਤਰ ਪੀ. ਸੀ. ਮੋਦੀ ਨੂੰ ਚੋਣ ਅਧਿਕਾਰੀ ਬਣਾਇਆ ਗਿਆ ਹੈ। ਰਾਸ਼ਟਰਪੀ ਚੋਣ ਲਈ ਸੋਮਵਾਰ ਯਾਨੀ ਕਿ 18 ਜੁਲਾਈ ਨੂੰ ਸੰਸਦ ਭਵਨ, ਸੂਬਿਆਂ ਦੀਆਂ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਾਂ ਪਈਆਂ ਸਨ। ਇਸ ਵਾਰ ਰਾਸ਼ਟਰਪਤੀ ਚੋਣਾਂ ’ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਸਾਂਝਾ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਸਿੱਧਾ ਮੁਕਾਬਲਾ ਹੈ। ਰਾਸ਼ਟਰਪਤੀ ਚੋਣਾਂ ’ਚ 99 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਚੋਣ ਕਮਿਸ਼ਨ ਮੁਤਾਬਕ ਇਸ ਵਾਰ ਰਾਸ਼ਟਰਪਤੀ ਚੋਣਾਂ ’ਚ ਕੁੱਲ 4,796 ਵੋਟਰ ਸਨ, ਜਿਨ੍ਹਾਂ ’ਚੋਂ 99 ਫ਼ੀਸਦੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।

ਇਹ ਵੀ ਪੜ੍ਹੋ- ਪ੍ਰਤਿਭਾ ਪਾਟਿਲ ਦੇ ਰੂਪ ’ਚ ਅੱਜ ਦੇ ਦਿਨ ਦੇਸ਼ ਨੂੰ ਮਿਲੀ ਸੀ ਪਹਿਲੀ ਮਹਿਲਾ ਰਾਸ਼ਟਰਪਤੀ

ਦ੍ਰੌਪਦੀ ਮੁਰਮੂ ਦੇ ਜੱਦੀ ਪਿੰਡ ’ਚ ਜਸ਼ਨ ਦੀ ਤਿਆਰੀ

ਚਰਚਾ ਹੈ ਕਿ ਮੁਰਮੂ ਦੇ ਹੱਕ ਵਿਚ ਕਾਫੀ ਵੋਟਾਂ ਪਈਆਂ ਹਨ। ਜੇਕਰ ਗਿਣਤੀ 'ਚ ਇਹ ਦਾਅਵਾ ਸਹੀ ਨਿਕਲਦਾ ਹੈ ਤਾਂ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਹੋਵੇਗੀ। ਦੂਜੇ ਪਾਸੇ ਦ੍ਰੌਪਦੀ ਮੁਰਮੂ ਦੇ ਜੱਦੀ ਸਥਾਨ ਓਡੀਸ਼ਾ ਦੇ ਰਾਏਰੰਗਪੁਰ ਵਿਚ ਵੀ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਨਤੀਜੇ ਆਉਣ ਤੋਂ ਬਾਅਦ ਮਠਿਆਈਆਂ ਵੰਡੀਆਂ ਜਾਣਗੀਆਂ। ਰਾਏਰੰਗਪੁਰ ਵਿਚ ਲੱਡੂ ਬਣਨੇ ਸ਼ੁਰੂ ਹੋ ਗਏ ਹਨ। ਸਥਾਨਕ ਭਾਜਪਾ ਆਗੂ ਤਪਨ ਮਹੰਤਾ ਨੇ ਦੱਸਿਆ ਕਿ 20,000 ਲੱਡੂ ਬਣਾਏ ਜਾ ਰਹੇ ਹਨ।


author

Tanu

Content Editor

Related News