ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹਾ ਲੈ ਕੇ ਪਹੁੰਚੀ ਦਿੱਲੀ ਪੁਲਸ

2/13/2021 1:12:39 PM

ਨਵੀਂ ਦਿੱਲੀ— ਦਿੱਲੀ ’ਚ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਗਿ੍ਰਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਸ ਲਾਲ ਕਿਲ੍ਹਾ ਲੈ ਕੇ ਪਹੁੰਚੀ ਹੈ, ਜਿੱਥੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਨਾਲ ਇਕਬਾਲ ਸਿੰਘ ਵੀ ਮੌਜੂਦ ਹੈ। ਦੋਹਾਂ ਨੂੰ ਦਿੱਲੀ ਪੁਲਸ ¬ਕ੍ਰਾਈਮ ਬਰਾਂਚ ਦੀ ਟੀਮ ਚਾਣਕਿਆਪੁਰੀ ਤੋਂ ਲਾਲ ਕਿਲ੍ਹਾ ਲੈ ਕੇ ਪਹੁੰਚੀ ਹੈ, ਜਿੱਥੇ ਗਣਤੰਤਰ ਦਿਵਸ ਵਾਲੇ ਦਿਨ ਹੋਈ ਘਟਨਾ ਦੇ ਦ੍ਰਿਸ਼ ਨੂੰ ਦੁਹਰਾਇਆ ਜਾਵੇਗਾ। ਕ੍ਰਾਈਮ ਬਰਾਂਚ ਦੀ ਟੀਮ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਉਸ ਰੂਟ ਤੋਂ ਗਈ, ਜਿੱਥੋਂ ਉਹ ਲਾਲ ਕਿਲ੍ਹਾ ਕੰਪਲੈਕਸ ’ਚ ਭੀੜ ਨਾਲ ਪੁੱਜੇ ਸਨ। ਦੀਪ ਸਿੱਧੂ ਅਤੇ ਇਕਬਾਲ ਸਿੰਘ ਤੋਂ ਪੁਲਸ ਨੇ ਪੂਰਾ ਰੂਟ ਸਮਝਿਆ ਹੈ। ਇਕ ਤਰ੍ਹਾਂ ਨਾਲ ਦੋਹਾਂ ਨੂੰ ਲੈ ਕੇ 26 ਜਨਵਰੀ ਹਿੰਸਾ ਦਾ ਕ੍ਰਾਈਮ ਸੀਨ (ਦਿ੍ਰਸ਼) ਨੂੰ ਦੁਹਰਾਇਆ ਗਿਆ। ਇਸ ਤੋਂ ਬਾਅਦ ਟੀਮ ਦੋਹਾਂ ਨੂੰ ਲੈ ਕੇ ਲਾਲ ਕਿਲ੍ਹਾ ਪਹੁੰਚ ਗਈ ਹੈ। 

PunjabKesari

ਦੱਸ ਦੇਈਏ ਕਿ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ, ਜਦਕਿ ਇਕਬਾਲ ਸਿੰਘ ਨੂੰ ਪੁਲਸ ਨੇ ਹੁਸ਼ਿਆਰਪੁਰ ਤੋਂ ਗਿ੍ਰਫ਼ਤਾਰ ਕੀਤਾ ਸੀ। ਦੋਹਾਂ ’ਤੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੇ ਦੋਸ਼ ਹਨ। ਪੁਲਸ ਨੇ ਦੋਹਾਂ ਨੂੰ ਰਿਮਾਂਡ ’ਤੇ ਲਿਆ ਹੋਇਆ ਹੈ, ਜੋ ਕਿ 7 ਦਿਨ ਦਾ ਹੈ। 

PunjabKesari

ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਟਰੈਕਟਰ ਪਰੇਡ ਦੌਰਾਨ ਦਿੱਲੀ ’ਚ ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਪੁੱਜ ਗਏ ਅਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ, ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ। ਦੀਪ ਸਿੱਧੂ ਨੇ ਪਹਿਲਾਂ ਹੀ ਸਾਜਿਸ਼ ਰਚੀ ਸੀ ਕਿ ਲਾਲ ਕਿਲ੍ਹਾ ਅਤੇ ਜੇਕਰ ਸੰਭਵ ਹੋ ਸਕੇ ਤਾਂ ਇੰਡੀਆ ਗੇਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਫਰਾਰ ਦੋਸ਼ੀ ਜੁਗਰਾਜ ਸਿੰਘ ਨੂੰ ਖ਼ਾਸ ਤੌਰ ’ਤੇ ਕੇਸਰੀ ਝੰਡਾ ਲਹਿਰਾਉਣ ਲਈ ਲਿਆਂਦਾ ਗਿਆ ਸੀ। ਜੁਗਰਾਜ ਸਿੰਘ ਅਜੇ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਹੈ, ਜਿਸ ’ਤੇ ਪੁਲਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।


Tanu

Content Editor Tanu