ਮਣੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੇ ਦਬਾਅ ਦਰਮਿਆਨ ਪ੍ਰਧਾਨ ਮੰਤਰੀ ਜਲਦੀ ਜਾ ਸਕਦੇ ਹਨ ਉੱਤਰ-ਪੂਰਬ
Wednesday, Jul 26, 2023 - 11:31 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਪਿੱਛੋਂ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ’ਤੇ ਅਹੁਦਾ ਛੱਡਣ ਲਈ ਕਾਫੀ ਦਬਾਅ ਹੈ ਪਰ ਭਾਜਪਾ ਹਾਈਕਮਾਂਡ ਇਸ ਦੇ ਸਿੱਟਿਆਂ ਤੋਂ ਵੀ ਚਿੰਤਤ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਉੱਤਰ-ਪੂਰਬ ਦਾ ਦੌਰਾ ਕਰ ਸਕਦੇ ਹਨ। ਮੋਦੀ ਅਕਸਰ ਹੀ ਉੱਤਰ-ਪੂਰਬ ਦਾ ਦੌਰਾ ਕਰਦੇ ਰਹਿੰਦੇ ਹਨ । ਉੱਥੇ ਵਿਸ਼ਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।
ਸੱਤਾਧਾਰੀ ਭਾਜਪਾ ਮਣੀਪੁਰ ਦੇ ਹਾਲਾਤ ’ਤੇ ਸੰਸਦ ’ਚ ਚਰਚਾ ਕਰਨ ਦੀ ਇੱਛਾ ਪ੍ਰਗਟਾ ਕੇ ਦਬਾਅ ਹੇਠ ਅਾ ਗਈ ਹੈ। ਪ੍ਰਧਾਨ ਮੰਤਰੀ ਨੇ ਵੀ ਆਪਣਾ ਦਰਦ ਅਤੇ ਨਾਰਾਜ਼ਗੀ ਪ੍ਰਗਟਾਈ ਹੈ ਪਰ 2 ਕੁਕੀ ਔਰਤਾਂ ਦੀ ਨਗਨ ਪਰੇਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ਼ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਵਿਆਪਕ ਰੋਸ ਦੇ ਬਾਵਜੂਦ ਭਾਜਪਾ ਹਾਈਕਮਾਂਡ ਦੇ ਤੁਰੰਤ ਮੁੱਖ ਮੰਤਰੀ ਨੂੰ ਹਟਾਉਣ ਲਈ ਰਾਜ਼ੀ ਹੋ ਜਾਣ ਦੀ ਸੰਭਾਵਨਾ ਨਹੀਂ ਹੈ।
ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਇਹ ਵੀ ਕਿਹਾ ਹੈ ਕਿ ਜਾਂ ਤਾਂ ਅਪਰਾਧੀਆਂ ਨੂੰ ਸਜ਼ਾ ਦਿਓ ਜਾਂ ਨਿਆਂਪਾਲਿਕਾ ਨੂੰ ਕਾਰਵਾਈ ਕਰਨ ਦਿਓ ਤੇ ਖੁੱਦ ਇਕ ਪਾਸੇ ਹਟ ਜਾਓ।
ਭਾਜਪਾ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਲੀਡਰਸ਼ਿਪ ਵੱਲੋਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਵਿੱਚ ਨਾਕਾਮ ਰਹਿਣ ਕਾਰਨ ਮੁੱਖ ਮੰਤਰੀ ਨੂੰ ਜਲਦੀ ਹੀ ਹਟਾਉਣ ਦੀ ਸੰਭਾਵਨਾ ਨਹੀਂ ਹੈ। ਮੌਜੂਦਾ ਸੰਕਟ ਇੱਕ ਵਿਸ਼ੇਸ਼ ਭਾਈਚਾਰੇ ਨੂੰ ਐੱਸ. ਟੀ. ਦਾ ਦਰਜਾ ਦੇਣ ਵਾਲੇ ਹਾਈ ਕੋਰਟ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ।
ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੀ ਪਰ ਅਦਾਲਤ ਦੇ ਫੈਸਲੇ ਦੇ ਪ੍ਰਤੀਕਰਮ ਵਜੋਂ ਹਿੰਸਾ ਭੜਕ ਗਈ।
ਜ਼ਮੀਨੀ ਪੱਧਰ ’ਤੇ ਪ੍ਰਸ਼ਾਸਨ ਸ਼ੁਰੂ ਵਿਚ ਇਸ ਦੀ ਤੀਬਰਤਾ ਦਾ ਅੰਦਾਜ਼ਾ ਨਹੀਂ ਲਾ ਸਕਿਆ ਸੀ। ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁਣ ਅਮਨ-ਕਾਨੂੰਨ ਨੂੰ ਬਹਾਲ ਕਰਨਾ ਹੈ ਜੋ ਹੌਲੀ ਹੌਲੀ ਆਮ ਵਾਂਗ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕੁਕੀ ਸਮੂਹਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਭਾਜਪਾ ਦੀ ਮੌਜੂਦਾ ਕੇਂਦਰੀ ਲੀਡਰਸ਼ਿਪ ਆਪਣੇ ਸੂਬਿਆਂ ਦੇ ਮੁੱਖ ਮੰਤਰੀਆਂ ਜਾਂ ਕੇਂਦਰੀ ਮੰਤਰੀਆਂ ਨੂੰ ਸਿਰਫ਼ ਇਸ ਲਈ ਹੀ ਨਹੀਂ ਹਟਾ ਦਿੰਦੀ ਕਿ ਉਨ੍ਹਾਂ ਦੇ ਅਸਤੀਫਿਆਂ ਦੀ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਸਰਕਾਰ ’ਚ ਕਾਨੂੰਨ ਵਿਵਸਥਾ ਦੀ ਨਾਕਾਮੀ ’ਤੇ ਕਿਸੇ ਵੀ ਮੁੱਖ ਮੰਤਰੀ ਨੂੰ ਨਹੀਂ ਹਟਾਇਆ ਗਿਆ। ਭਾਜਪਾ ਨੇ ਅਾਪਣੇ ਮੁੱਖ ਮੰਤਰੀਆਂ ਨੂੰ ਉਦੋਂ ਹੀ ਹਟਾਇਆ ਹੈ ਜਦੋਂ ਪਾਰਟੀ ਨੂੰ ਲੱਗਾ ਕਿ ਉਨ੍ਹਾਂ ਦੀ ਅਗਵਾਈ ਹੇਠ ਸੂਬੇ ਵਿੱਚ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ।