ਰਾਜਸਥਾਨ ’ਚ ਭਲਕੇ ਹੋਵੇਗੀ ਅਧਿਆਪਕ ਭਰਤੀ ਲਈ ਪ੍ਰੀਖਿਆ, ਲੱਖਾਂ ਪ੍ਰੀਖਿਆਰਥੀ ਦੇਣਗੇ ‘ਇਮਤਿਹਾਨ’

Saturday, Sep 25, 2021 - 05:35 PM (IST)

ਰਾਜਸਥਾਨ ’ਚ ਭਲਕੇ ਹੋਵੇਗੀ ਅਧਿਆਪਕ ਭਰਤੀ ਲਈ ਪ੍ਰੀਖਿਆ, ਲੱਖਾਂ ਪ੍ਰੀਖਿਆਰਥੀ ਦੇਣਗੇ ‘ਇਮਤਿਹਾਨ’

ਜੈਪੁਰ (ਭਾਸ਼ਾ)— ਰਾਜਸਥਾਨ ਵਿਚ ਅਧਿਆਪਕ ਭਰਤੀ ਲਈ ਆਪਣੀ ਤਰ੍ਹਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਪ੍ਰੀਖਿਆ ਐਤਵਾਰ ਯਾਨੀ ਕਿ ਭਲਕੇ ਹੋਵੇਗੀ, ਜਿਸ ’ਚ 16 ਲੱਖ ਤੋਂ ਵੱਧ ਪ੍ਰੀਖਿਆਰਥੀ ਇਕ ਦਿਨ ’ਚ ਇਮਤਿਹਾਨ ਦੇਣਗੇ। ਸੂਬਾ ਸਰਕਾਰ ਨੇ ਪ੍ਰੀਖਿਆ ਦੇ ਸਫ਼ਲ ਆਯੋਜਨ ਲਈ ਪੂਰੀ ਪੁਲਸ ਅਤੇ ਪ੍ਰਸ਼ਾਸਨਿਕ ਤਾਕਤ ਲਾ ਦਿੱਤੀ ਹੈ, ਉੱਥੇ ਹੀ ਵੱਖ-ਵੱਖ ਧਾਰਮਿਕ ਅਤੇ ਗੈਰ-ਸਰਕਾਰੀ ਸੰਗਠਨ ਵੀ ਮਦਦ ਲਈ ਅੱਗੇ ਆਏ ਹਨ। ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ ਨੇ ਕਿਹਾ ਕਿ ਸੂਬਾ ਸਰਕਾਰ ਪ੍ਰੀਖਿਆ ਦੀ ਸਹੂਲਤ ਅਤੇ ਸੁਰੱਖਿਆ ਦੇ ਨਾਲ-ਨਾਲ ਪ੍ਰੀਖਿਆ ਦੇ ਸਫ਼ਲ ਆਯੋਜਨ ਲਈ ਤਿਆਰ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਨਾਲ ਜੁੜੇ ਸਾਰੇ ਮਾਮਲੇ ’ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ੁਦ ਨਜ਼ਰ ਰੱਖ ਰਹੇ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਰਾਜਸਥਾਨ ’ਚ ਵੱਡਾ ਹਾਦਸਾ: ‘ਰੀਟ’ ਦੀ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਮੌਤ

ਇਕ ਸੀਨੀਅਰ ਅਧਿਕਾਰੀ ਮੁਤਾਬਕ ਰਾਜਸਥਾਨ ’ਚ ਤੀਜੀ ਸ਼੍ਰੇਣੀ ਦੇ ਲੱਗਭਗ 31,000 ਅਧਿਆਪਕਾਂ ਲਈ ਇਹ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (ਰੀਟ) 26 ਸਤੰਬਰ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਲਈ ਸੂਬੇ ਭਰ ਵਿਚ 3,993 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਪ੍ਰੀਖਿਆ ਲਈ 16 ਲੱਖ 22 ਹਜ਼ਾਰ 19 ਪ੍ਰੀਖਿਆਰਥੀਆਂ ਨੇ ਅਪਲਾਈ ਕੀਤਾ ਹੈ। ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ ਪ੍ਰਦੇਸ਼ ’ਚ 3 ਸਾਲ ਬਾਅਦ ਹੋ ਰਹੀ ਹੈ। ਇਸ ਤੋਂ ਪਹਿਲਾਂ ਆਖ਼ਰੀ ਵਾਰ ਇਹ ਪ੍ਰੀਖਿਆ 2018 ’ਚ ਹੋਈ ਸੀ ਅਤੇ ਪ੍ਰੀਖਿਆਰਥੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਪ੍ਰੀਖਿਆ ਹੈ। ਸੂਬਾ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਰੋਡਵੇਜ਼ ਬੱਸਾਂ ’ਚ ਯਾਤਰਾ ਮੁਫ਼ਤ ਕੀਤੀ ਹੈ ਅਤੇ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਨਿੱਜੀ ਬੱਸਾਂ ਦੀ ਵਿਵਸਥਾ ਵੀ ਕੀਤੀ ਗਈ ਹੈ।ਭਾਰਤੀ ਰੇਲਵੇ ਨੇ ਇਸ ਪ੍ਰੀਖਿਆ ਨੂੰ ਵੇਖਦੇ ਹੋਏ ਦਰਜਨ ਭਰ ਵਿਸ਼ੇਸ਼ ਟਰੇਨਾਂ ਚਲਾਉਣ ਅਤੇ ਮੌਜੂਦਾ ਟਰੇਨਾਂ ਵਿਚ ਡੱਬੇ ਵਧਾਉਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਲਈ ਖ਼ਾਸ ਖ਼ਬਰ, ‘ਕੋਵਿਨ’ ਸਰਟੀਫ਼ਿਕੇਟ ’ਤੇ ਜੋੜਿਆ ਜਾਵੇਗਾ ਨਵਾਂ ਫੀਚਰ

ਇਸ ਪ੍ਰੀਖਿਆ ’ਚ ਨਕਲ ਵਰਗੀ ਕਿਸੇ ਵੀ ਗੜਬੜੀ ਨੂੰ ਰੋਕਣਾ ਆਯੋਜਕਾਂ ਲਈ ਚੁਣੌਤੀ ਹੈ। ਪ੍ਰੀਖਿਆ ਦਾ ਆਯੋਜਨ ਸੈਕੰਡਰੀ ਸਿੱਖਿਆ ਬੋਰਡ ਰਾਜਸਥਾਨ ਕਰ ਰਿਹਾ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜਮਾਤਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਓਧਰ ਸੂਬਾ ਸਰਕਾਰ ਨੇ ਚੌਕਸ ਕੀਤਾ ਹੈ ਕਿ ਕੋਈ ਸਰਕਾਰੀ ਕਰਮੀ ਪੇਪਰ ਲੀਕ ਜਾਂ ਨਕਲ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਹਿਮਾਚਲ ਦੇ ਮੁੰਡੇ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਪੂਰਾ, UPSC ਪ੍ਰੀਖਿਆ ’ਚ ਹਾਸਲ ਕੀਤਾ 80ਵਾਂ ਰੈਂਕ


author

Tanu

Content Editor

Related News