ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਹੋਇਆ ਲਾਲ ਕਿਲ੍ਹੇ 'ਤੇ ਹੰਗਾਮਾ : ਜੀ. ਕੇ.

Wednesday, Jan 27, 2021 - 10:33 PM (IST)

ਜਲੰਧਰ /ਨਵੀਂ ਦਿੱਲੀ, (ਚਾਵਲਾ): ਜਾਗੋ ਪਾਰਟੀ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਲਗਾਇਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਾਸ ਲੋਕਾਂ ਵੱਲੋਂ ਕਲ ਲਾਲ ਕਿਲ੍ਹੇ ਵਿਖੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਖ਼ਿਲਾਫ਼ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਜੀ.ਕੇ. ਨੇ ਖ਼ੁਲਾਸਾ ਕੀਤਾ ਕਿ ਅਕਾਲੀ ਦਲ ਦੀ ਆਈ.ਟੀ. ਵਿੰਗ ਦੇ ਮੋਗਾ ਜ਼ਿਲ੍ਹੇ ਦਾ ਪ੍ਰਧਾਨ ਅਮਨਦੀਪ ਸਿੰਘ ਖ਼ਾਲਸਾ ਉਰਫ਼ ਅਮਨ ਗਿੱਲ ਕਲ ਲਾਲ ਕਿੱਲੇ 'ਤੇ ਮੌਜੂਦ ਸੀ। ਅਮਨ ਗਿੱਲ ਦੇ ਫੇਸ ਬੁੱਕ ਖਾਤੇ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਅਮਨ ਗਿੱਲ ਅਕਾਲੀ ਦਲ ਦੇ ਵੱਡੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦਾ ਵਿਸ਼ਵਾਸ ਪਾਤਰ ਅਤੇ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਰਿਹਾ ਹੈ। 2019 'ਚ ਸੁਖਬੀਰ ਬਾਦਲ ਨੇ ਅਮਨ ਗਿੱਲ ਨੂੰ ਲੋਕ-ਸਭਾ ਹਲਕਾ ਫ਼ਰੀਦਕੋਟ ਦਾ ਕੋਆਰਡੀਨੇਟਰ ਲਗਾਇਆ ਸੀ। ਕਲ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਵਾਸਤੇ ਅਮਨ ਗਿੱਲ ਟਿੱਕਰੀ ਬਾਰਡਰ ਤੋਂ ਸੰਜੈ ਗਾਂਧੀ ਟਰਾਂਸਪੋਰਟ ਨਗਰ ਆਉਂਦਾ ਹੈ ਅਤੇ ਉਸ ਤੋਂ ਬਾਅਦ ਆਟੋ ਪਕੜ ਕੇ ਆਪਣੇ ਸਾਥੀਆਂ ਨਾਲ ਲਾਲ ਕਿੱਲੇ ਨੂੰ ਕੂਚ ਕਰਦਾ ਹੈ। ਜਿਸ ਬਾਰੇ ਉਹ ਖੁਦ ਆਪਣੀ ਵੀਡੀਓ ਆਟੋ 'ਚ ਬੈਠ ਕੇ ਪਾਉਂਦਾ ਹੈ।

ਜੀ.ਕੇ. ਨੇ ਕਿਹਾ ਕਿ ਕਲ ਦੀ ਲਾਲ ਕਿਲ੍ਹੇ ਦੀ ਘਟਨਾ ਉਪਰੰਤ ਸਾਰਾ ਦੋਸ਼ ਦੀਪ ਸਿੱਧੂ ਦੇ ਖ਼ਿਲਾਫ਼ ਪੰਥਕ ਹਲਕਿਆਂ 'ਚ ਲਗਾਇਆ ਜਾ ਰਿਹਾ ਸੀ। ਪਰ ਜਿਹੜੀ ਵੀਡੀਓ ਅਤੇ ਫ਼ੋਟੋ ਮੈਂ ਜਨਤਕ ਕਰ ਰਿਹਾ ਹਾਂ ਉਸ ਤੋਂ ਬਾਅਦ ਸਾਫ਼ ਹੋ ਜਾਂਦਾ ਹੈ ਕਿ ਦੀਪ ਸਿੱਧੂ ਦੇ ਨਾਲ ਅਕਾਲੀ ਦਲ ਵੀ ਕਿਸਾਨ ਜਥੇਬੰਦੀਆਂ ਨੂੰ ਗੈਰ ਜ਼ਿੰਮੇਵਾਰ ਕਰਾਰ ਦਿਵਾਉਣ ਅਤੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕਾਰਜ ਕਰ ਰਿਹਾ ਸੀ। ਜੀ.ਕੇ. ਨੇ ਕਿਹਾ ਕਿ ਇਹੀ ਕਾਰਨ ਹੈ ਕਿ 25 ਜਨਵਰੀ ਨੂੰ ਗਾਜੀਪੁਰ ਬਾਰਡਰ ਵਿਖੇ ਟਰੈਕਟਰ ਚਲਾਉਣ ਦੀ ਰਿਹਰਸਲ ਕਰਨ ਵਾਲੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 26 ਜਨਵਰੀ ਨੂੰ ਕੀਤੇ ਨਜ਼ਰ ਨਹੀਂ ਆਏ। ਕਿਉਂਕਿ ਉਨ੍ਹਾਂ ਨੂੰ ਅੰਦੋਲਨ ਨੂੰ ਗ਼ਲਤ ਦਿਸ਼ਾ ਦੇਣ ਦੀ ਸੁਪਾਰੀ ਮਿਲੀ ਹੋਈ ਸੀ, ਇਸ ਗੱਲ ਦਾ ਖ਼ਦਸ਼ਾ ਇਹਨਾਂ ਸਬੂਤਾਂ ਤੋਂ ਜ਼ਾਹਿਰ ਹੋ ਜਾਂਦਾ ਹੈ।

ਬਾਦਲ ਪੱਖੀ ਮੀਡੀਆ ਚੈਨਲਾਂ ਵੱਲੋਂ ਲਾਲ ਕਿੱਲ੍ਹੇ ਤੋਂ ਕੀਤੇ ਗਏ ਸਿੱਧੇ ਪ੍ਰਸਾਰਨ 'ਤੇ ਹੈਰਾਨੀ ਜਤਾਉਂਦੇ ਹੋਏ ਜੀਕੇ ਨੇ ਸਵਾਲ ਪੁੱਛਿਆ ਕਿ ਇਹਨਾਂ ਨੂੰ ਕੁੱਝ ਕੂ ਲੋਕਾਂ ਦੇ ਲਾਲ ਕਿੱਲ੍ਹੇ ਪੁੱਜਣ ਦੀ ਜਾਣਕਾਰੀ ਕਿੱਥੋਂ ਮਿਲੀ ਸੀ ? ਜੀਕੇ ਨੇ ਦੀਪ ਸਿੱਧੂ ਅਤੇ ਅਮਨ ਗਿੱਲ ਦਾ 48 ਘੰਟੇ ਪੁਰਾਣਾ ਫ਼ੋਨ ਡਾਟਾ ਚੈਕ ਕਰਨ ਦੀ ਦਿੱਲੀ ਪੁਲਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਫ਼ੋਨ ਦੀ ਜਾਣਕਾਰੀ ਨਾਲ ਸਾਬਤ ਹੋ ਜਾਵੇਗਾ ਕਿ ਕਿਸਾਨਾਂ ਅਤੇ ਸਿੱਖਾਂ ਦਾ ਅਕਸ ਦੰਗਾਈ ਵਜੋਂ ਪੇਸ਼ ਕਰਨ ਦੇ ਪਿੱਛੇ ਮੁੱਖ ਗੁਨਾਹ ਗਾਰ ਕੌਣ ਸੀ। ਜੀ.ਕੇ. ਨੇ ਕਿਹਾ ਕਿ ਲੱਖਾਂ ਕਿਸਾਨ ਕੱਲ੍ਹ ਦਿੱਲੀ ਸ਼ਹਿਰ 'ਚ ਸ਼ਾਂਤਮਈ ਪਰੇਡ ਕਰਕੇ ਵਾਪਸ ਮੂੜ੍ਹੇ ਸੀ। ਪਰ ਮੀਡੀਆ ਦੇ ਇੱਕ ਹਿੱਸੇ ਨੇ ਕੁੱਝ ਕੂ ਲੋਕਾਂ ਦੀ ਆਪਹੁਦਰੀ ਨੂੰ ਵਿਖਾਉਣ ਨੂੰ ਇਹਨਾਂ ਦੰਗਾਈ ਲੋਕਾਂ ਨੇ ਮਜਬੂਰ ਕੀਤਾ ਹੈ। ਜਿਸ ਦਾ ਹਰ ਸ਼ਾਂਤਮਈ ਅਤੇ ਕਾਨੂੰਨ ਪਸੰਦ ਸ਼ਹਿਰੀ ਨੂੰ ਅਫ਼ਸੋਸ ਰਹੇਂਗਾ। ਕਿਉਂਕਿ ਕਿਸਾਨ ਦਾ ਟੀਚਾ ਹੈ ਕਿ ਕਿਸਾਨ ਦੀ ਫ਼ਸਲ ਦਾ ਫ਼ੈਸਲਾ ਕਿਸਾਨ ਕਰੇ ਪਰ ਅਕਾਲੀ ਦਲ ਦਾ ਟੀਚਾ ਹੈ ਕਿ ਕਿਸਾਨ ਹਮੇਸ਼ਾ ਉਨ੍ਹਾਂ ਦੇ ਅੱਗੇ ਮੁਥਾਜ ਬਣਿਆ ਰਹੇ। ਇਹੀ ਕਾਰਨ ਸੀ ਕਿ ਹਰਸਿਮਰਤ ਕੌਰ ਬਾਦਲ ਨੇ ਕਾਲੇ ਖੇਤੀ ਕਾਨੂੰਨਾਂ ਦੀ ਸਰਕਾਰ 'ਚ ਰਹਿੰਦੇ ਵਿਰੋਧਤਾ ਨਹੀਂ ਕੀਤੀ ਸੀ।

 


Bharat Thapa

Content Editor

Related News