ਰੈੱਡ ਬੈਲੂਨ ਏਅਰੋਸਪੇਸ ਨੇ ਛੱਡਿਆ ਦੇਸ਼ ਦਾ ਪਹਿਲਾ ਸਵਦੇਸ਼ੀ ‘ਸੁਪਰ-ਪ੍ਰੈਸ਼ਰ ਬੈਲੂਨ’
Thursday, May 28, 2026 - 04:25 AM (IST)
ਨਵੀਂ ਦਿੱਲੀ - ਭਾਰਤ ਨੇ ਏਅਰੋਸਪੇਸ ਤਕਨਾਲੋਜੀ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦੇ ਹੋਏ ਆਪਣਾ ਪਹਿਲਾ ਸਵਦੇਸ਼ੀ ‘ਸੁਪਰ-ਪ੍ਰੈਸ਼ਰ ਬੈਲੂਨ’ (ਐੱਸ. ਪੀ. ਬੀ.) ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਹੈ। ਨਿੱਜੀ ਕੰਪਨੀ ‘ਰੈੱਡ ਬੈਲੂਨ ਏਅਰੋਸਪੇਸ’ ਵੱਲੋਂ ਵਿਕਸਿਤ ਕੀਤਾ ਇਹ ਹਾਈ-ਐਲਟੀਟਿਊਡ ਬੈਲੂਨ ਬੁੱਧਵਾਰ ਨੂੰ ਵਿਜੇਵਾੜਾ ਦੇ ਇੰਦਰਾ ਗਾਂਧੀ ਸਟੇਡੀਅਮ ਤੋਂ ਛੱਡਿਆ ਗਿਆ।
‘ਵਿਸਟਾ’ ਨਾਂ ਦਾ ਇਹ ਸੁਪਰ-ਪ੍ਰੈਸ਼ਰ ਬੈਲੂਨ ਲੱਗਭਗ 25 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਿਆ। ਇਸ ਵਿਚ ਦੇਸ਼-ਵਿਦੇਸ਼ ਦੇ 7 ਭਾਈਵਾਲਾਂ ਦੇ ਵਪਾਰਕ ਉਪਕਰਨ ਲਗਾਏ ਗਏ ਹਨ। ਕੰਪਨੀ ਅਨੁਸਾਰ ਇਹ ਮਿਸ਼ਨ ਭਾਰਤ ਵਿਚ ਪਹਿਲੀ ਵਾਰ ਐੱਸ. ਪੀ. ਬੀ. ਤਕਨਾਲੋਜੀ ਦੀ ਸਮਰੱਥਾ, ਡਿਜ਼ਾਈਨ ਅਤੇ ਵਿਸ਼ੇਸ਼ ਸਮੱਗਰੀ ਦਾ ਪ੍ਰੀਖਣ ਕਰਨ ਲਈ ਸ਼ੁਰੂ ਕੀਤਾ ਗਿਆ ਹੈ।
ਰੈੱਡ ਬੈਲੂਨ ਏਅਰੋਸਪੇਸ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੀ. ਵੀ. ਐੱਸ. ਕਿਰਨ ਨੇ ਦੱਸਿਆ ਕਿ ਫਿਲਹਾਲ ਛੱਡਿਆ ਗਿਆ ਬੈਲੂਨ ਕਰੀਬ 24 ਘੰਟੇ ਤੱਕ ਅਸਮਾਨ ਵਿਚ ਰਹੇਗਾ, ਪਰ ਭਵਿੱਖ ਵਿਚ ਅਜਿਹੇ ਬੈਲੂਨ ਵਿਕਸਿਤ ਕਰਨ ਦਾ ਟੀਚਾ ਹੈ ਜੋ ਮਹੀਨਿਆਂ ਤੱਕ ਸਟ੍ਰੈਟੋਸਫੀਅਰ (ਸਪਤਾਪ ਮੰਡਲ) ਵਿਚ ਉਡਾਣ ਭਰ ਸਕਣ।
ਮਾਹਿਰਾਂ ਮੁਤਾਬਕ ਸੁਪਰ-ਪ੍ਰੈਸ਼ਰ ਬੈਲੂਨ ਉਪਗ੍ਰਹਿਆਂ ਦੇ ਮੁਕਾਬਲੇ ਘੱਟ ਲਾਗਤ ਵਾਲੇ ਅਤੇ ਪ੍ਰਭਾਵਸ਼ਾਲੀ ਬਦਲ ਸਾਬਤ ਹੋ ਸਕਦੇ ਹਨ। ਇਹ 20 ਤੋਂ 40 ਕਿਲੋਮੀਟਰ ਦੀ ਉਚਾਈ ’ਤੇ ਤਾਇਨਾਤ ਹੋ ਕੇ ਦੂਰਸੰਚਾਰ ਸੇਵਾਵਾਂ, ਉਦਯੋਗਿਕ ਨੈੱਟਵਰਕ ਨਿਗਰਾਨੀ, ਆਫ਼ਤ ਪ੍ਰਬੰਧਨ ਅਤੇ ਰਣਨੀਤਕ ਨਿਗਰਾਨੀ ਵਰਗੇ ਕਾਰਜ ਕਰ ਸਕਦੇ ਹਨ।
