ਵਿਦਿਆਰਥੀਆਂ ਦੇ ਪ੍ਰਦਰਸ਼ਨ ਦਰਮਿਆਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਬੇਟੀ ਨੇ ਛੱਡਿਆ ਇੰਸਟਾਗ੍ਰਾਮ

Thursday, Jul 23, 2026 - 01:42 AM (IST)

ਵਿਦਿਆਰਥੀਆਂ ਦੇ ਪ੍ਰਦਰਸ਼ਨ ਦਰਮਿਆਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਬੇਟੀ ਨੇ ਛੱਡਿਆ ਇੰਸਟਾਗ੍ਰਾਮ

ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਲਗਾਤਾਰ ਹੋ ਰਹੀ ਮੰਗ ਅਤੇ ਵਿਦਿਆਰਥੀਆਂ ਦੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਸਿੱਖਿਆ ਮੰਤਰੀ ਦੀ ਬੇਟੀ, ਨੈਮੀਸ਼ਾ ਪ੍ਰਧਾਨ ਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਨੈਮੀਸ਼ਾ ਨੂੰ ਉਸ ਦੇ ਪਿਤਾ ਦੇ ਅਹੁਦੇ ਅਤੇ ਦੇਸ਼ ਦੇ ਸਿੱਖਿਆ ਢਾਂਚੇ ਨੂੰ ਲੈ ਕੇ ਆਨਲਾਈਨ ਕਾਫੀ ਆਲੋਚਨਾ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਜਾਣਕਾਰੀ ਮੁਤਾਬਕ, ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਨੈਮੀਸ਼ਾ ਪ੍ਰਧਾਨ ਦੀਆਂ ਪੋਸਟਾਂ 'ਤੇ ਕਮੈਂਟ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਯੂਜ਼ਰਸ ਦਾ ਗੁੱਸਾ ਇਸ ਗੱਲ 'ਤੇ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਦੇਸ਼ ਦੇ ਸਿੱਖਿਆ ਮੰਤਰੀ ਹਨ, ਤਾਂ ਉਨ੍ਹਾਂ ਨੇ ਖੁਦ ਭਾਰਤ ਦੀ ਬਜਾਏ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਿਉਂ ਕੀਤੀ। ਦੱਸਣਯੋਗ ਹੈ ਕਿ ਨੈਮੀਸ਼ਾ ਨੇ 2023 ਵਿੱਚ ਅਮਰੀਕਾ ਦੀ ਟਫਟਸ ਯੂਨੀਵਰਸਿਟੀ (Tufts University) ਤੋਂ ਮਾਸਟਰ ਆਫ ਲਾਅਜ਼ (LLM) ਦੀ ਡਿਗਰੀ ਹਾਸਲ ਕੀਤੀ ਹੈ। ਕੁਝ ਯੂਜ਼ਰਸ ਨੇ ਤਾਂ ਯੂਨੀਵਰਸਿਟੀ ਦੇ ਪੇਜ 'ਤੇ ਜਾ ਕੇ ਵੀ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਦੂਜੇ ਪਾਸੇ, ਦਿੱਲੀ ਦੇ ਜੰਤਰ-ਮੰਤਰ 'ਤੇ ਵਿਦਿਆਰਥੀਆਂ ਅਤੇ 'ਕਾਕਰੋਚ ਜਨਤਾ ਪਾਰਟੀ' (CJP) ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਸਾਹਮਣੇ ਚਾਰ ਮੁੱਖ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ, ਪ੍ਰਦਰਸ਼ਨਕਾਰੀਆਂ 'ਤੇ ਕੋਈ ਕੇਸ ਨਾ ਦਰਜ ਕਰਨਾ ਅਤੇ ਦੋਸ਼ੀ ਪੁਲਸ ਅਧਿਕਾਰੀਆਂ 'ਤੇ ਕਾਰਵਾਈ ਸ਼ਾਮਲ ਹੈ।

ਵਿਦਿਆਰਥੀਆਂ 'ਤੇ ਹੋਈ ਕਥਿਤ ਪੁਲਸ ਬਰਬਰਤਾ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਵੀ ਸਖ਼ਤ ਰੁਖ ਅਖਤਿਆਰ ਕਰਦਿਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੌਰਾਨ, ਸਿੱਖਿਆ ਮੰਤਰੀ ਦੇ ਪੁਰਾਣੇ ਕਿੱਸੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਖੁਦ 1997 ਵਿੱਚ ਪੇਪਰ ਲੀਕ ਵਿਰੁੱਧ ਪ੍ਰਦਰਸ਼ਨ ਕੀਤਾ ਸੀ। ਫਿਲਹਾਲ, ਆਪਣੀ ਬੇਟੀ ਵਿਰੁੱਧ ਹੋ ਰਹੀ ਟ੍ਰੋਲਿੰਗ ਅਤੇ ਪ੍ਰਦਰਸ਼ਨਾਂ 'ਤੇ ਸਿੱਖਿਆ ਮੰਤਰੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।


author

Inder Prajapati

Content Editor

Related News