ਲਖਨਊ ’ਚ ਰਿਕਵਰੀ ਏਜੰਟ ਦਾ ਕੁੱਟ-ਕੁੱਟ ਕੇ ਕਤਲ
Thursday, Nov 20, 2025 - 08:58 PM (IST)
ਲਖਨਊ- ਰਾਜਧਾਨੀ ਲਖਨਊ ਦੇ ਇੰਦਰਾਨਗਰ ਖੇਤਰ ’ਚ ਝਗੜੇ ਤੋਂ ਬਾਅਦ ਕੁਝ ਲੋਕਾਂ ਨੇ ਰਿਕਵਰੀ ਏਜੰਟ ਸ਼ਸ਼ੀ ਪ੍ਰਕਾਸ਼ ਉਪਾਧਿਆਏ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਸ਼ਸ਼ੀ ਪ੍ਰਕਾਸ਼ ਸੈਕਟਰ-8, ਰਘੁਰਾਜਪੁਰਮ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਬੁੱਧਵਾਰ ਦੇਰ ਸ਼ਾਮ ਉਨ੍ਹਾਂ ਦਾ ਮੁਹੱਲੇ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ, ਜੋ ਕੁੱਟਮਾਰ ’ਚ ਬਦਲ ਗਿਆ। ਮੁਲਜ਼ਮਾਂ ਨੇ ਉਨ੍ਹਾਂ ਨੂੰ ਕੁੱਟਮਾਰ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਜ਼ਬਤ ਕਰ ਕੇ ਕੁਝ ਸ਼ੱਕੀਆਂ ਦੀ ਪਛਾਣ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
