ਚਾਰਧਾਮ ਯਾਤਰਾ ''ਚ ਟੁੱਟੇ ਰਿਕਾਰਡ: 6.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Monday, May 04, 2026 - 02:35 AM (IST)

ਚਾਰਧਾਮ ਯਾਤਰਾ ''ਚ ਟੁੱਟੇ ਰਿਕਾਰਡ: 6.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਦੇਹਰਾਦੂਨ : ਉੱਤਰਾਖੰਡ ਵਿੱਚ ਚੱਲ ਰਹੀ ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ ਸਾਢੇ 6 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮਾਂ ਵਿੱਚ ਦਰਸ਼ਨ ਕਰ ਚੁੱਕੇ ਹਨ। ਸਿਰਫ਼ 3 ਮਈ 2026 ਨੂੰ ਹੀ ਚਾਰਾਂ ਧਾਮਾਂ ਵਿੱਚ ਰਿਕਾਰਡ 57,800 ਸ਼ਰਧਾਲੂ ਪਹੁੰਚੇ, ਜੋ ਕਿ ਇੱਕ ਨਵਾਂ ਰਿਕਾਰਡ ਹੈ।

ਯਾਤਰਾ ਦੌਰਾਨ ਕੇਦਾਰਨਾਥ ਧਾਮ ਸ਼ਰਧਾਲੂਆਂ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਕੇਦਾਰਨਾਥ ਵਿੱਚ 3 ਲੱਖ ਤੋਂ ਵੱਧ ਅਤੇ ਬਦਰੀਨਾਥ ਵਿੱਚ ਡੇਢ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਯਮੁਨੋਤਰੀ ਵਿੱਚ 98 ਹਜ਼ਾਰ ਅਤੇ ਗੰਗੋਤਰੀ ਵਿੱਚ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦਰਸ਼ਨ ਕੀਤੇ ਹਨ।

ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਖੁੱਲ੍ਹਣ ਜਾ ਰਹੇ ਹਨ। 15 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਇਸ ਪਵਿੱਤਰ ਅਸਥਾਨ ਲਈ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ। ਭਾਰਤੀ ਫੌਜ ਦੇ 22 ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਰੀ ਬਰਫ਼ ਨੂੰ ਕੱਟ ਕੇ ਰਸਤਾ ਤਿਆਰ ਕਰ ਰਹੇ ਹਨ। ਗਲੇਸ਼ੀਅਰਾਂ ਦੇ ਵਿਚਕਾਰ ਰਸਤਾ ਬਣਾਉਣ ਲਈ ਫੌਜ ਦੀ ਪਹਿਲੀ ਟੀਮ ਹੇਮਕੁੰਟ ਸਾਹਿਬ ਪਹੁੰਚ ਚੁੱਕੀ ਹੈ।

ਉੱਤਰਾਖੰਡ ਸਰਕਾਰ ਅਤੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਵਿਸ਼ੇਸ਼ ਤਸਦੀਕ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਯਾਤਰਾ ਬਾਰੇ ਭਰਾਮਕ ਵੀਡੀਓ ਜਾਂ ਰੀਲਜ਼ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਹੁਣ ਤੱਕ 4 ਲੋਕਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।
 


author

Inder Prajapati

Content Editor

Related News