ਜੰਮੂ-ਕਸ਼ਮੀਰ ''ਚ ਬਾਗੀ ਵਿਧਾਇਕ ਬਣਾ ਸਕਦੇ ਹਨ ਨਵੀਂ ਸਰਕਾਰ
Wednesday, Jul 04, 2018 - 10:07 AM (IST)
ਨਵੀਂ ਦਿੱਲੀ— ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਲੋਂ ਮਿਲ ਕੇ ਸਰਕਾਰ ਬਣਾਉਣ ਦੀਆਂ ਅਟਕਲਾਂ ਦਰਮਿਆਨ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਮੰਗਲਵਾਰ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਬਾਗੀ ਵਿਧਾਇਕਾਂ ਨਾਲ ਸੂਬੇ ਵਿਚ ਜਲਦੀ ਹੀ ਨਵੀਂ ਸਰਕਾਰ ਬਣਾਈ ਜਾ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਗੁਪਤਾ ਨੇ ਕਿਹਾ ਕਿ ਕਈ ਬਾਗੀ ਵਿਧਾਇਕ ਆਉਣ ਵਾਲੇ ਦਿਨਾਂ ਵਿਚ ਭਾਜਪਾ ਦਾ ਪੱਲਾ ਫੜ ਸਕਦੇ ਹਨ। ਨਾ ਸਿਰਫ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਵਿਧਾਇਕ, ਸਗੋਂ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਬਾਗੀ ਵਿਧਾਇਕ ਵੀ ਸਰਕਾਰ ਦੇ ਗਠਨ ਲਈ ਇਕ ਨਵੇਂ ਮੋਰਚੇ ਵਿਚ ਸ਼ਾਮਲ ਹੋ ਸਕਦੇ ਹਨ।
ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ 27 ਜੂਨ ਨੂੰ ਪੀਪਲਜ਼ ਕਾਨਫਰੰਸ ਦੇ ਨੇਤਾ ਸਜਾਦ ਨੂੰ ਮਿਲੇ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਾਗੀ ਵਿਧਾਇਕਾਂ ਦਾ ਇਕ ਵੱਖਰਾ ਮੋਰਚਾ ਬਣਾ ਸਕਦੇ ਹਨ। ਇਨ੍ਹਾਂ ਅਟਕਲਾਂ ਦਰਮਿਆਨ ਗੁਪਤਾ ਦੇ ਬਿਆਨ ਨੂੰ ਸਿਆਸੀ ਹਲਕਿਆਂ ਵਿਚ ਭਾਰੀ ਅਹਿਮੀਅਤ ਦਿੱਤੀ ਜਾ ਰਹੀ ਹੈ।
