ਕਿਸਾਨੀ ਅੰਦੋਲਨ 'ਚ ਬੈਠੇ ਲੋਕਾਂ ਨੂੰ 'ਰਵਨੀਤ ਬਿੱਟੂ' ਦੀ ਹੱਥ ਜੋੜ ਕੇ ਅਪੀਲ

Wednesday, Jan 27, 2021 - 04:27 PM (IST)

ਕਿਸਾਨੀ ਅੰਦੋਲਨ 'ਚ ਬੈਠੇ ਲੋਕਾਂ ਨੂੰ 'ਰਵਨੀਤ ਬਿੱਟੂ' ਦੀ ਹੱਥ ਜੋੜ ਕੇ ਅਪੀਲ

ਨਵੀਂ ਦਿੱਲੀ/ਲੁਧਿਆਣਾ : ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨੀ ਅੰਦੋਲਨ 'ਚ ਬੈਠੇ ਲੋਕਾਂ ਨੂੰ ਹੱਥ ਬੰਨ੍ਹ ਕੇ ਅਪੀਲ ਕੀਤੀ ਗਈ ਹੈ ਕਿ ਲੋਕ ਅੰਦੋਲਨ ਛੱਡ ਕੇ ਵਾਪਸ ਨਾ ਜਾਣ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਬਹੁਤ ਈਮਾਨਦਾਰੀ, ਮਿਹਨਤ ਅਤੇ ਜ਼ਜਬੇ ਨਾਲ ਬੀਬੀਆਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਅੰਦੋਲਨ 'ਚ ਬੈਠੇ ਹੋਏ ਹਨ ਅਤੇ ਅਸੀਂ ਸਿਰਫ ਕਿਸਾਨ ਆਗੂਆਂ ਦੀਆਂ ਗੱਲਾਂ ਹੀ ਮੰਨਣੀਆਂ ਹਨ ਅਤੇ ਹੋਰ ਕਿਸੇ ਬੰਦੇ ਦੀ ਕੋਈ ਗੱਲ ਨਹੀਂ ਸੁਣਨੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਚੜ੍ਹਾਉਂਦਾ ਸੇਵਾਦਾਰ 70 ਫੁੱਟ ਉੱਚਾਈ ਤੋਂ ਡਿੱਗਾ, ਮੌਤ

ਉਨ੍ਹਾਂ ਕਿਹਾ ਕਿ ਕਿਸਾਨ ਆਗੂ ਵੀ ਸਟੇਜਾਂ ਤੋਂ ਵਾਰ-ਵਾਰ ਲੋਕਾਂ ਨੂੰ ਇਹੀ ਗੱਲ ਕਹਿ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਈ ਕਿਸਾਨ ਆਗੂ ਤਾਂ ਸਟੇਜ 'ਤੇ ਰੋ ਵੀ ਪਏ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਆਪਣੇ ਕੰਮਕਾਰ ਛੱਡ ਕੇ ਆਪਣੇ ਹੱਕਾਂ ਲਈ ਅੰਦੋਲਨ 'ਚ ਬੈਠੇ ਹੋਏ ਹਨ ਅਤੇ ਬੀਤੇ ਦਿਨ ਜੋ ਕੁੱਝ ਵੀ ਹੋਇਆ, ਉਸ ਨੇ ਕਿਸਾਨ ਆਗੂਆਂ ਦੇ ਮਨਾਂ ਨੂੰ ਡੂੰਘੀ ਸੱਟ ਮਾਰੀ ਹੈ। ਬਿੱਟੂ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਦਾ ਅਰਬਾਂ-ਖਰਬਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ, ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਪਰ ਫਿਰ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਅੰਦੋਲਨ 'ਚ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਲੈ ਗਈ ਗੱਡੀ

ਰਵਨੀਤ ਬਿੱਟੂ ਨੇ ਕਿਹਾ ਸਿਆਸੀ ਆਗੂਆਂ ਨੂੰ ਪਿੱਛੇ ਰੱਖ ਕੇ ਸ਼ਾਇਦ ਕਿਸਾਨ ਆਗੂਆਂ ਨੇ ਗਲਤੀ ਕੀਤੀ ਹੈ ਕਿਉਂਕਿ ਸਿਆਸੀ ਆਗੂ ਸਿਆਣੇ ਬੰਦੇ ਹੁੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਦਿੱਲੀ ਤੋਂ ਇਹ ਸੰਘਰਸ਼ ਜਿੱਤ ਕੇ ਹੀ ਹੁਣ ਸਭ ਘਰਾਂ ਨੂੰ ਪਰਤਣਗੇ। ਕਿਸਾਨਾਂ ਦੇ ਸੰਸਦ ਭਵਨ ਵੱਲ ਮਾਰਚ ਕਰਨ ਸਬੰਧੀ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਉਹ ਖ਼ੁਦ ਸਾਰੇ ਧਰਨੇ ਦੀ ਕਮਾਂਡ ਸੰਭਾਲਣ ਅਤੇ ਹਰ ਪੰਜਾਬੀ ਉਨ੍ਹਾਂ ਦੇ ਨਾਲ ਹੈ।

ਇਹ ਵੀ ਪੜ੍ਹੋ : ਲਾਲ ਕਿਲ੍ਹੇ ਦੀ ਘਟਨਾ 'ਤੇ 'ਰਵਨੀਤ ਬਿੱਟੂ' ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ (ਵੀਡੀਓ)

ਰਵਨੀਤ ਬਿੱਟੂ ਨੇ ਦੀਪ ਸਿੱਧੂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਠੰਡ, ਧੁੰਦ ਅਤੇ ਮੀਂਹ ਵਾਲੀਆਂ ਰਾਤਾਂ ਉਨ੍ਹਾਂ ਨੇ ਬਾਰਡਰਾਂ 'ਤੇ ਕਿਵੇਂ ਕੱਟੀਆਂ ਹਨ ਪਰ ਇਕ ਬੰਦੇ ਨੇ ਇਸ ਸਭ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਦੁਬਾਰਾ ਇਕੱਠੇ ਹੋਣ ਦਾ ਸੁਨੇਹਾ ਦਿੰਦਿਆਂ ਸਿਰਫ ਕਿਸਾਨ ਆਗੂਆਂ ਦੀ ਗੱਲ ਸੁਣਨ ਲਈ ਕਿਹਾ ਹੈ। ਉਨ੍ਹਾਂ ਨੇ ਫਿਰ ਅਪੀਲ ਕੀਤੀ ਕਿ ਭਾਵੇਂ ਕਿਸੇ ਸਿਆਸੀ ਆਗੂ ਦੀ ਨਾ ਸੁਣੋ, ਪਰ ਕਿਸਾਨਾਂ ਦੀ ਜ਼ਰੂਰ ਸੁਣੋ ਅਤੇ ਅੰਦੋਲਨ ਛੱਡ ਕੇ ਵਾਪਸ ਨਾ ਜਾਓ। 
ਨੋਟ : ਸੰਸਦ ਮੈਂਬਰ ਰਵਨੀਤ ਬਿੱਟੂ ਦੀ ਨੌਜਵਾਨਾਂ ਨੂੰ ਕੀਤੀ ਅਪੀਲ ਬਾਰੇ ਦਿਓ ਆਪਣੀ ਰਾਏ


author

Babita

Content Editor

Related News