ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫ਼ਾ
Thursday, Dec 01, 2022 - 11:57 AM (IST)
ਨਵੀਂ ਦਿੱਲੀ- NDTV ਇੰਡੀਆ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਤੁਰੰਤ ਪ੍ਰਭਾਵ ਤੋਂ ਮਨਜ਼ੂਰ ਕਰ ਲਿਆ ਹੈ। ਰਵੀਸ਼ ਜਿੰਨਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਹੀ ਪੱਤਰਕਾਰ ਹਨ। ਇਹ ਉਨ੍ਹਾਂ ਬਾਰੇ ਲੋਕਾਂ ਦੀ ਪ੍ਰਤੀਕਿਰਿਆ ’ਚ ਦਿੱਸਦਾ ਹੈ। NDTV (ਹਿੰਦੀ) ਦੇ ਮੰਨੇ-ਪ੍ਰਮੰਨੇ ਚਿਹਰੇ ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ’ਚ ‘ਹਮ ਲੋਕ’, ‘ਰਵੀਸ਼ ਕੀ ਰਿਪੋਰਟ’, ‘ਦੇਸ਼ ਕੀ ਬਾਤ’ ਅਤੇ ‘ਪ੍ਰਾਈਮ ਟਾਈਮ’ ਸ਼ਾਮਲ ਹੈ। ਰਵੀਸ਼ ਨੂੰ ਦੋ ਵਾਰ ਪੱਤਰਕਾਰਿਤਾ ’ਚ ਯੋਗਦਾਨ ਲਈ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।
ਰਵੀਸ਼ ਦਹਾਕਿਆਂ ਤੋਂ NDTV ਦਾ ਇਕ ਹਿੱਸਾ ਰਹੇ ਹਨ ਅਤੇ ਉਨ੍ਹਾਂ ਦਾ ਯੋਗਦਾਨ ਬਹੁਤ ਵੱਧ ਰਿਹਾ ਹੈ। ਰਵੀਸ਼ ਦੀ ਪਛਾਣ ਦੇਸ਼ ’ਚ ਮੋਦੀ ਸਰਕਾਰ ਦੇ ਕੱਟੜ ਆਲੋਚਕ ਦੇ ਤੌਰ ’ਤੇ ਹੁੰਦੀ ਰਹੀ ਹੈ। ਰਵੀਸ਼ ਆਪਣੇ ਪ੍ਰਾਈਮ ਸ਼ੋਅ ਦੌਰਾਨ ਸਭ ਤੋਂ ਜ਼ਿਆਦਾ ਮੋਦੀ ਸਰਕਾਰ ਅਤੇ ਭਾਜਪਾ ਦੀ ਆਲੋਚਨਾ ਕਰਦੇ ਵਿਖਾਈ ਦਿੰਦੇ ਸਨ। ਰਵੀਸ਼ ਕੁਮਾਰ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ‘ਗੋਦੀ ਮੀਡੀਆ’ ਕਹਿ ਕੇ ਬੁਲਾਉਂਦੇ ਹਨ। ਰਵੀਸ਼ ਦੀ ਇਸ ਟਿੱਪਣੀ ਦੀ ਵਜ੍ਹਾ ਤੋਂ ਉਹ ਸੋਸ਼ਲ ਮੀਡੀਆ ’ਤੇ ਆਏ ਦਿਨ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਹਨ।
ਦੱਸ ਦੇਈਏ ਕਿ ਰਵੀਸ਼ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਹੀ NDTV ਦੇ ਕਾਰਜਕਾਰੀ ਸਹਿ-ਪ੍ਰਧਾਨ ਪ੍ਰਣਵ ਰਾਏ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਵੀਸ਼ ਦੇ ਕਈ ਦਿਨਾਂ ਤੋਂ ਅਸਤੀਫ਼ਾ ਦੇਣ ਦੀ ਖ਼ਬਰਾਂ ਸਨ। ਹਾਲਾਂਕਿ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਮੇਲ ਭੇਜ ਕੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਦਰਅਸਲ ਅਡਾਨੀ ਸਮੂਹ ਹੁਣ ਇਸ ਸਮਾਚਾਰ ਚੈਨਲ ਨੂੰ ਖਰੀਦਣ ਦੇ ਕਰੀਬ ਪਹੁੰਚ ਚੁੱਕਾ ਹੈ।