ਸੰਤਾਂ ਨੇ ਰਵਿਦਾਸ ਮੰਦਰ ਨੂੰ ਲੈ ਕੇ ਦੇਸ਼ ਵਿਆਪੀ ਅੰਦੋਲਨ ਕਰਨ ਦੀ ਦਿੱਤੀ ਧਮਕੀ

Wednesday, Nov 06, 2019 - 11:32 AM (IST)

ਸੰਤਾਂ ਨੇ ਰਵਿਦਾਸ ਮੰਦਰ ਨੂੰ ਲੈ ਕੇ ਦੇਸ਼ ਵਿਆਪੀ ਅੰਦੋਲਨ ਕਰਨ ਦੀ ਦਿੱਤੀ ਧਮਕੀ

ਨਵੀਂ ਦਿੱਲੀ— ਸੰਤ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦੇ ਸੰਤਾਂ ਨੇ ਦਸੰਬਰ ਤੋਂ ਦੇਸ਼ ਵਿਆਪੀ ਅੰਦੋਲਨ ਕਰਨ ਦੀ ਧਮਕੀ ਦਿੱਤੀ ਹੈ। ਸੰਤ ਸਮਾਜ ਦੀ ਬੈਠਕ ਮੰਗਲਵਾਰ ਨੂੰ ਆਰ.ਕੇ. ਪੁਰਮ ਸਥਿਤ ਰਵਿਦਾਸ ਧਾਮ 'ਚ ਹੋਈ, ਜਿਸ 'ਚ ਇਹ ਫੈਸਲਾ ਲਿਆ ਗਿਆ। ਇਨ੍ਹਾਂ ਸੰਤਾਂ ਨੇ ਸਰਕਾਰ ਵਲੋਂ ਮੰਦਰ ਲਈ ਦਿੱਤੀ ਗਈ 400 ਵਰਗ ਮੀਟਰ ਜ਼ਮੀਨ ਨੂੰ ਸਮਾਜ ਦਾ ਅਪਮਾਨ ਦੱਸਦੇ ਹੋਏ ਸੰਤ ਰਵਿਦਾਸ ਦੇ ਨਾਂ 'ਤੇ ਮਾਲੀਆ ਦਸਤਾਵੇਜ਼ਾਂ 'ਚ ਦਰਜ ਸੰਪੂਰਨ 12,350 ਵਰਗ ਗਜ ਜ਼ਮੀਨ 5 ਦਸੰਬਰ ਤੱਕ ਗੁਰੂ ਰਵਿਦਾਸ ਜਯੰਤੀ ਸਮਾਰੋਹ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ।

ਤੁਗਲਕਾਬਾਦ ਨੂੰ ਤੋੜ ਕੇ ਗੁਰੂ ਰਵਿਦਾਸ ਦਾ ਕੀਤਾ ਅਪਮਾਨ
ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਸੰਤ ਸਮਾਜ ਦਸੰਬਰ ਤੋਂ ਦੇਸ਼ ਵਿਆਪੀ ਅੰਦੋਲਨ ਕਰੇਗਾ। ਬੈਠਕ 'ਚ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਸੰਤਾਂ ਅਤੇ ਡੇਰਾ ਮੁਖੀਆਂ ਨੇ ਹਿੱਸਾ ਲਿਆ। ਗੁਰੂ ਰਵਿਦਾਸ ਧਾਮ ਅੰਦੋਲਨ ਦੀ ਅਗਵਾਈ ਕਰ ਰਹੇ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਤ ਸੁਖਦੇਵ ਵਾਘਮਾਰੇ ਮਹਾਰਾਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਨੇ ਪਹਿਲਾਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਧਾਮ, ਤੁਗਲਕਾਬਾਦ ਨੂੰ ਤੋੜ ਕੇ ਸ੍ਰੀ ਗੁਰੂ ਰਵਿਦਾਸ ਦਾ ਅਪਮਾਨ ਕੀਤਾ ਅਤੇ ਹੁਣ ਉਹ ਸੰਤ ਗੁਰੂ ਰਵਿਦਾਸ ਨੂੰ ਮਿਲੀ ਇਤਿਹਾਸਕ ਜ਼ਮੀਨ ਅਤੇ ਮਾਲ ਦਸਤਾਵੇਜ਼ਾਂ 'ਚ ਦਰਜ 12350 ਵਰਗ ਗਜ ਜ਼ਮੀਨ ਨੂੰ ਹੱਥਿਆ ਕੇ ਸਿਰਫ਼ 400 ਵਰਗ ਮੀਟਰ ਜ਼ਮੀਨ ਦੇਣਾ ਚਾਹੁੰਦੀ ਹੈ, ਜਿਸ ਨੂੰ ਸੰਤ ਗੁਰੂ ਰਵਿਦਾਸ 'ਚ ਆਸਥਾ ਰੱਖਣ ਵਾਲੇ ਕਦੇ ਸਵੀਕਾਰ ਨਹੀਂ ਕਰਨਗੇ।

ਗੁਰੂ ਰਵਿਦਾਸ ਨਾਲ ਕੀਤੇ ਗਏ ਭੇਦਭਾਵ ਵਿਰੁੱਧ ਦੇਸ਼ ਵਿਆਪੀ ਅੰਦੋਲਨ
ਹਿਮਾਚਲ ਪ੍ਰਦੇਸ਼ ਸਥਿਤ ਗੁਰੂ ਰਵਿਦਾਸ ਵਲਡਰ ਪੀਸ ਟੈਂਪਲ ਅਤੇ ਪਠਾਨਕੋਟ ਡੇਰਾ ਦੇ ਸਵਾਮੀ ਗੁਰਦੀਪ ਗਿਰੀ ਮਹਾਰਾਜ ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੀ 5 ਦਸੰਬਰ ਤੱਕ ਸੰਤ ਗੁਰੂ ਰਵਿਦਾਸ ਦੇ ਨਾਂ 'ਤੇ ਦਰਜ ਸਾਰੀ 12350 ਵਰਗ ਗਜ ਜ਼ਮੀਨ ਗੁਰੂ ਰਵਿਦਾਸ ਜਯੰਤੀ ਸਮਾਰੋਹ ਕਮੇਟੀ, ਤੁਗਲਾਕਾਬਾਦ ਨੂੰ ਨਹੀਂ ਸੌਂਪਦੀ ਹੈ ਤਾਂ ਸਰਕਾਰ ਵਲੋਂ ਸੰਤ ਗੁਰੂ ਰਵਿਦਾਸ ਨਾਲ ਕੀਤੇ ਜਾ ਰਹੇ ਭੇਦਭਾਵ ਵਿਰੁੱਧ ਜਨ-ਜਾਗਰਣ ਅਤੇ ਦੇਸ਼ ਵਿਆਪੀ ਅੰਦੋਲਨ ਜਾਵੇਗਾ। ਉੱਤਰ ਪ੍ਰਦੇਸ਼ ਦੇ ਮੁਖੀ ਸੰਤ ਵੀਰ ਸਿੰਘ ਹਿੱਤਕਾਰੀ ਨੇ ਦੱਸਿਆ ਕਿ ਸੰਤ ਸਮਾਜ ਦੀ ਮੰਗ 5 ਦਸੰਬਰ ਤੱਕ ਪੂਰੀ ਨਾ ਕੀਤੇ ਜਾਣ 'ਤੇ ਸੰਤ ਗੁਰੂ ਰਵਿਦਾਸ ਸੰਤ ਸਮਾਜ ਦੀ ਅਖਿਲ ਭਾਰਤੀ ਬੈਠਕ ਅਗਲੀ 6-7 ਦਸੰਬਰ ਨੂੰ ਪੁਣੇ 'ਚ ਹੋਵੇਗੀ, ਜਿਸ 'ਚ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।

10 ਨਵੰਬਰ ਨੂੰ ਰਵਿਦਾਸ ਧਾਮ 'ਤੇ ਪੂਜਾ ਕਰਨ ਦਾ ਕੀਤਾ ਐਲਾਨ
ਹਰਿਆਣਾ ਦੇ ਸੰਤ ਨਿਰਮਲ ਦਾਸ, ਸੰਤ ਫਕੀਰ ਦਾਸ, ਪੰਜਾਬ ਦੀ ਸੰਤ ਬੀਬੀ ਕ੍ਰਿਸ਼ਨਾ, ਦਿੱਲਲੀ ਦੇ ਸੰਤ ਕੇ.ਸੀ. ਰਵੀ, ਮੱਧ ਪ੍ਰਦੇਸ਼ ਦੇ ਸੰਤ ਪੰਚਮ ਦਾਸ ਵੀ ਮੌਜੂਦ ਸਨ। ਸੰਮੇਲਨ 'ਚ ਆਉਣ ਵਾਲੀ 10 ਨਵੰਬਰ ਨੂੰ ਤੁਗਲਕਾਬਾਦ ਸਥਿਤ ਸੰਤ ਗੁਰੂ ਰਵਿਦਾਸ ਧਾਮ 'ਤੇ ਆਰਤੀ ਅਤੇ ਪੂਜਾ ਕਰਨ ਦਾ ਐਲਾਨ ਵੀ ਕੀਤਾ ਗਿਆ। ਅੰਦੋਲਨ ਦੇ ਬੁਲਾਰੇ ਨੇ ਸੁਪਰੀਮ ਕੋਰਟ ਵਲੋਂ ਅੰਦੋਲਨ ਦੇ ਅਧੀਨ ਜੇਲ ਭੇਜੇ ਗਏ, ਸਾਰੇ ਅੰਦੋਲਨਕਾਰੀਆਂ ਨਾਲ ਮੁਕੱਦਮੇ ਵਾਪਸ ਲੈਣ ਲਈ ਸੁਪਰੀਮ ਕੋਰਟ ਨੂੰ ਧੰਨਵਾਦ ਦਿੱਤਾ।


author

DIsha

Content Editor

Related News