34 ਸਾਲਾਂ ਤੋਂ ਕਾਂਗਰਸ 1984 ਕਤਲੇਆਮ ਦੇ ਦੋਸ਼ੀਆਂ ਨੂੰ ਬਚਾ ਰਹੀ ਸੀ : ਰਵੀਸ਼ੰਕਰ

Wednesday, Nov 21, 2018 - 05:15 PM (IST)

ਨਵੀਂ ਦਿੱਲੀ  (ਭਾਸ਼ਾ)— 1984 ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਮਾਮਲੇ 'ਤੇ ਦਿੱਲੀ ਦੀ ਇਕ ਅਦਾਲਤ ਵਲੋਂ ਫੈਸਲਾ ਸੁਣਾਉਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ।  ਮਾਮਲੇ ਵਿਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਫੈਸਲੇ 'ਤੇ ਭਾਜਪਾ ਨੇ ਸੰਤੋਸ਼ ਜ਼ਾਹਰ ਕੀਤਾ। ਇਸ ਦੇ ਨਾਲ ਹੀ ਭਾਜਪਾ ਨੇ ਦੋਸ਼ ਲਾਇਆ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਕਾਂਗਰਸ ਦੇ ਨੇਤਾਵਾਂ ਦੇ ਸ਼ਾਮਲ ਹੋਣ ਕਾਰਨ ਪਾਰਟੀ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਪਿਛਲੇ ਕਰੀਬ 34 ਸਾਲਾਂ ਵਿਚ ਕਾਂਗਰਸ ਪਾਰਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਇਸ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਵੇ।''

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੱਲ ਭਾਵ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ 'ਚੋਂ ਇਕ ਨੂੰ ਫਾਂਸੀ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇਸ ਫੈਸਲੇ ਤੋਂ ਸਾਨੂੰ ਸੰਤੋਸ਼ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਜਦੋਂ ਬੋਹੜ ਦਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਇਸ ਤੋਂ ਵੱਡਾ ਗੈਰ-ਜ਼ਿੰਮੇਦਰਾਨਾ ਬਿਆਨ ਹੋਰ ਕੋਈ ਨਹੀਂ ਹੋ ਸਕਦਾ। ਕਾਂਗਰਸ ਪਾਰਟੀ ਨੇ ਅੱਜ ਤਕ ਉਨ੍ਹਾਂ ਦੇ ਇਸ ਭਾਸ਼ਣ ਤੋਂ ਖੁਦ ਨੂੰ ਵੱਖ ਨਹੀਂ ਕੀਤਾ ਹੈ ਪਰ ਇਹ ਜ਼ਖਮਾਂ 'ਤੇ ਲੂਣ ਛਿੜਕਣ ਵਾਂਗ ਹੈ। ਪ੍ਰਸਾਦ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਨੂੰ ਲੈ ਕੇ ਦੁੱਖ ਬਿਆਨ ਕੀਤਾ ਸੀ ਪਰ ਜਿਸ ਤਰ੍ਹਾਂ ਦਾ ਮਰਹਮ ਲਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਸੀ, ਉਸ ਤਰ੍ਹਾਂ ਨਹੀਂ ਹੋਇਆ। ਮਰਹਮ ਸਿੱਖਾਂ ਨੂੰ ਨਿਆਂ ਦਿਵਾ ਕੇ ਲਾਇਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਜੋ ਇਸ ਮੁੱਦੇ 'ਤੇ 2015 ਵਿਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਬਣਾਈ ਸੀ, ਉਸ ਕਾਰਨ ਛੇਤੀ ਫੈਸਲਾ ਆ ਸਕਿਆ ਹੈ।


Tanu

Content Editor

Related News