''ਨਸ਼ੇੜੀ ਚੂਹਿਆਂ'' ਦਾ ਕਾਰਨਾਮਾ ! ਚੱਟ ਕਰ ਗਏ 1 ਕਰੋੜ ਦਾ ਗਾਂਜਾ, ਸਬੂਤ ਨਾ ਮਿਲਣ ''ਤੇ ਮੁਲਜ਼ਮ ਬਰੀ
Monday, Dec 29, 2025 - 04:25 PM (IST)
ਨੈਸ਼ਨਲ ਡੈਸਕ : ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਸ ਦੀ ਕਾਰਜਪ੍ਰਣਾਲੀ ਤੇ ਪੂਰੇ ਸਿਸਟਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਰਾਂਚੀ ਪੁਲਸ ਮੁਤਾਬਕ ਥਾਣੇ ਦੇ ਮਾਲਖਾਨੇ ਵਿੱਚ ਰੱਖਿਆ 200 ਕਿਲੋ ਗਾਂਜਾ 'ਨਸ਼ੇੜੀ ਚੂਹੇ' ਖਾ ਗਏ। ਪੁਲਸ ਵੱਲੋਂ ਅਦਾਲਤ ਵਿੱਚ ਸਬੂਤ ਪੇਸ਼ ਨਾ ਕੀਤੇ ਜਾਣ ਕਾਰਨ 'ਤੇ ਅਦਾਲਤ ਨੇ ਗਾਂਜਾ ਤਸਕਰੀ ਦੇ ਮੁਲਜ਼ਮ ਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਹੈ।
ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਸਾਲ 2022 ਦਾ ਹੈ, ਜਦੋਂ ਰਾਂਚੀ ਦੇ ਓਰਮਾਂਝੀ ਥਾਣਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਚਿੱਟੇ ਰੰਗ ਦੀ ਬੋਲੈਰੋ ਗੱਡੀ ਨੂੰ ਰੋਕਿਆ ਸੀ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਲਗਭਗ 200 ਕਿਲੋ ਗਾਂਜਾ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਪੁਲਸ ਨੇ ਮੌਕੇ ਤੋਂ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਇੰਦਰਜੀਤ ਰਾਏ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਵਿਰੁੱਧ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
ਅਦਾਲਤ 'ਚ ਪੁਲਸ ਨੇ ਦਿੱਤੀ ਅਜੀਬ ਦਲੀਲ
ਜਦੋਂ ਇਹ ਮਾਮਲਾ ਸੁਣਵਾਈ ਲਈ ਅਦਾਲਤ ਵਿੱਚ ਪਹੁੰਚਿਆ ਤਾਂ ਪੁਲਸ ਜ਼ਬਤ ਕੀਤਾ ਹੋਇਆ ਗਾਂਜਾ ਬਤੌਰ ਸਬੂਤ ਪੇਸ਼ ਨਹੀਂ ਕਰ ਸਕੀ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਥਾਣੇ ਦੇ ਮਾਲਖਾਨੇ ਵਿੱਚ ਰੱਖਿਆ ਸਾਰਾ ਗਾਂਜਾ ਚੂਹਿਆਂ ਨੇ ਖਾ ਲਿਆ ਹੈ। ਪੁਲਸ ਨੇ ਇਸ ਸਬੰਧੀ ਸਾਲ 2024 ਵਿੱਚ ਦਰਜ ਕੀਤੀ ਗਈ ਇੱਕ ਰਿਪੋਰਟ (ਸਨਹਾ) ਦਾ ਹਵਾਲਾ ਵੀ ਦਿੱਤਾ।
ਅਦਾਲਤ ਦੀ ਸਖ਼ਤ ਟਿੱਪਣੀ
ਅਦਾਲਤ ਨੇ ਇਸ ਨੂੰ ਪੁਲਸ ਦੀ ਗੰਭੀਰ ਲਾਪਰਵਾਹੀ ਮੰਨਿਆ। ਅਦਾਲਤ ਨੇ ਸਪੱਸ਼ਟ ਕਿਹਾ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਸੁਰੱਖਿਆ ਕਰਨਾ ਪੁਲਸ ਦੀ ਜ਼ਿੰਮੇਵਾਰੀ ਹੁੰਦੀ ਹੈ। ਸਬੂਤਾਂ ਦੀ ਘਾਟ ਅਤੇ ਜਾਂਚ ਵਿੱਚ ਲਾਪਰਵਾਹੀ ਕਾਰਨ ਅਦਾਲਤ ਨੇ ਮੁਲਜ਼ਮ ਇੰਦਰਜੀਤ ਰਾਏ ਨੂੰ ਬਰੀ ਕਰ ਦਿੱਤਾ। ਇਸ ਘਟਨਾ ਨੇ ਝਾਰਖੰਡ ਪੁਲਸ ਦੀ ਨਿਗਰਾਨੀ ਅਤੇ ਕਰੋੜਾਂ ਰੁਪਏ ਦੇ ਜ਼ਬਤ ਮਾਲ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
