ਮੁੱਖ ਮੰਤਰੀ ਊਧਵ ਦੀ ਪਤਨੀ ਰਸ਼ਿਮ ਠਾਕਰੇ ਬਣੀ ''ਸਾਮਨਾ'' ਦੀ ਸੰਪਾਦਕ
Sunday, Mar 01, 2020 - 01:40 PM (IST)
ਮੁੰਬਈ— ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਨੂੰ ਕਰੀਬ ਤਿੰਨ ਮਹੀਨਿਆਂ ਦੀ ਉਡੀਕ ਮਗਰੋਂ ਆਪਣਾ ਸੰਪਾਦਕ ਮਿਲ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੀ ਪਤਨੀ ਰਸ਼ਿਮ ਊਧਵ ਠਾਕਰੇ ਹੁਣ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੀ ਨਵੀਂ ਸੰਪਾਦਕ ਹੋਵੇਗੀ। ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਊਧਵ ਠਾਕਰੇ ਨੇ 'ਸਾਮਨਾ' ਦੇ ਸੰਪਾਦਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਸੀ। 1 ਮਾਰਚ ਦੇ ਆਡੀਸ਼ਨ 'ਚ ਬਤੌਰ ਸੰਪਾਦਕ ਰਸ਼ਿਮ ਊਧਵ ਠਾਕਰੇ ਦਾ ਹੀ ਨਾਂ ਦਿੱਤਾ ਗਿਆ। ਸੰਜੇ ਰਾਊਤ 'ਸਾਮਨਾ' ਦੇ ਕਾਰਜਕਾਰੀ ਸੰਪਾਦਕ ਬਣੇ ਰਹਿਣਗੇ। ਇਹ ਪਹਿਲੀ ਵਾਰ ਹੈ ਕਿ ਸਾਮਨਾ ਨੂੰ ਕੋਈ ਮਹਿਲਾ ਬਤੌਰ ਸੰਪਾਦਕ ਸੰਭਾਲੇਗੀ।
ਦੱਸਣਯੋਗ ਹੈ ਕਿ 'ਸਾਮਨਾ' ਸ਼ਿਵ ਸੈਨਾ ਦਾ ਮੁੱਖ ਪੱਤਰ ਹੈ, ਜੋ ਦੋ ਭਾਸ਼ਾਵਾਂ ਹਿੰਦੀ ਅਤੇ ਮਰਾਠੀ 'ਚ ਪ੍ਰਕਾਸ਼ਿਤ ਹੁੰਦਾ ਹੈ। ਸਾਮਨਾ ਦਾ ਹਿੰਦੀ ਆਡੀਸ਼ਨ 'ਦੁਪਹਿਰ ਕਾ ਸਾਮਨਾ' ਦੇ ਨਾਮ ਤੋਂ ਪ੍ਰਕਾਸ਼ਿਤ ਹੁੰਦਾ ਹੈ। ਸਾਮਨਾ ਦੀ ਸਥਾਪਨਾ 23 ਜਨਵਰੀ 1988 ਨੂੰ ਸ਼ਿਵ ਸੈਨਾ ਸੰਸਥਾਪਕ ਬਾਲ ਠਾਕਰੇ ਨੇ ਕੀਤੀ ਸੀ ਅਤੇ ਆਪਣੇ ਦਿਹਾਂਤ ਤਕ ਆਪਣੇ ਦਿਹਾਂਤ ਤਕ ਉਹ ਇਸ ਦੇ ਸੰਪਾਦਕ ਬਣੇ ਰਹੇ। ਬਾਲ ਠਾਕਰੇ ਤੋਂ ਬਾਅਦ ਊਧਵ ਠਾਕਰੇ ਨੇ 'ਸਾਮਨਾ' ਦੇ ਸੰਪਾਦਕ ਦਾ ਕੰਮਕਾਰ ਸੰਭਾਲਿਆ ਸੀ। 29 ਨਵੰਬਰ 2019 ਨੂੰ ਮੁੱਖ ਮੰਤਰੀ ਬਣਨ 'ਤੇ ਊਧਵ ਠਾਕਰੇ ਨੇ 'ਸਾਮਨਾ' ਦੇ ਸੰਪਾਦਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੀ ਇਹ ਅਹੁਦਾ ਖਾਲੀ ਸੀ। ਹੁਣ ਰਸ਼ਿਮ ਸੰਪਾਦਕ ਬਣੀ ਹੈ।