ਨੋਇਡਾ : ਫੈਕਟਰੀ ਤੋਂ ਕੰਮ ਕਰ ਕੇ ਪਰਤ ਰਹੀ ਕੁੜੀ ਨਾਲ ਗੈਂਗਰੇਪ, ਮਾਮਲਾ ਦਰਜ
Monday, Jul 25, 2022 - 11:15 AM (IST)

ਨੋਇਡਾ (ਭਾਸ਼ਾ)- ਦਿੱਲੀ ਨਾਲ ਲੱਗਦੇ ਨੋਇਡਾ 'ਚ ਇਕ ਫੈਕਟਰੀ ਤੋਂ ਕੰਮ ਕਰ ਕੇ ਵਾਪਸ ਆ ਰਹੀ ਇਕ ਕੁੜੀ ਨੂੰ 2 ਨੌਜਵਾਨ ਜ਼ਬਰਦਸਤੀ ਇਕ ਪਾਰਕ 'ਚ ਲੈ ਗਏ ਅਤੇ ਉੱਥੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਕੁੜੀ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਫੋਨ ਅਤੇ ਨਕਦੀ ਲੁੱਟ ਲਈ। ਕੁੜੀ ਨੇ ਐਤਵਾਰ ਰਾਤ ਪੁਲਸ ਕੋਲ ਇਸ ਘਟਨਾ ਦੀ ਰਿਪੋਰਟ ਦਰਜ ਕਰਵਾਈ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਆਪਬੀਤੀ ਵੀ ਪੋਸਟ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ (ਮਹਿਲਾ ਸੁਰੱਖਿਆ) ਅੰਕਿਤਾ ਸ਼ਰਮਾ ਨੇ ਦੱਸਿਆ ਕਿ ਇਕ ਕੁੜੀ ਨੇ ਫੇਜ਼-2 ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ ਕਿ ਉਹ ਨੋਇਡਾ ਵਿਸ਼ੇਸ਼ ਆਰਥਿਕ ਖੇਤਰ (ਐੱਨ.ਐੱਸ.ਈ.ਜ਼ੈੱਡ) ਵਿਚ ਸਥਿਤ ਇਕ ਕੰਪਨੀ ਵਿਚ ਕੰਮ ਕਰਦੀ ਹੈ।
ਉਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਹ ਫੈਕਟਰੀ ਤੋਂ ਘਰ ਪਰਤ ਰਹੀ ਸੀ, ਉਦੋਂ ਰਸਤੇ 'ਚ ਇਕ ਪਾਰਕ ਕੋਲ ਹਨ੍ਹੇਰੇ 'ਚ 2 ਅਣਪਛਾਤੇ ਨੌਜਵਾਨ ਉਸ ਨੂੰ ਜ਼ਬਰਨ ਫੜ ਕੇ ਪਾਰਕ 'ਚ ਲੈ ਗਏ, ਉਸ ਨਾਲ ਕੁੱਟਮਾਰ ਕੀਤੀ ਅਤੇ ਜਬਰ ਜ਼ਿਨਾਹ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਉਸ ਕੋਲ ਰੱਖੇ 500 ਰੁਪਏ ਨਕਦ ਅਤੇ ਮੋਬਾਇਲ ਫੋਨ ਵੀ ਖੋਹ ਲਿਆ। ਸਹਾਇਕ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਨ.ਐੱਸ.ਈ.ਜ਼ੈੱਡ ਦੇ ਗੇਟ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।