ਬਦਲਾਪੁਰ ਤੋਂ ਬਾਅਦ ਕੋਲਹਾਪੁਰ ''ਚ ਦਰਿੰਦਗੀ, 10 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ''ਤਾ ਕਤਲ

Friday, Aug 23, 2024 - 02:45 AM (IST)

ਬਦਲਾਪੁਰ ਤੋਂ ਬਾਅਦ ਕੋਲਹਾਪੁਰ ''ਚ ਦਰਿੰਦਗੀ, 10 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ''ਤਾ ਕਤਲ

ਮੁੰਬਈ — ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ 'ਚ ਵੀਰਵਾਰ ਸਵੇਰੇ 10 ਸਾਲਾ ਬੱਚੀ ਦੀ ਲਾਸ਼ ਗੰਨੇ ਦੇ ਖੇਤ 'ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਉਸ ਦੇ ਚਾਚੇ ਨੂੰ ਕਥਿਤ ਬਲਾਤਕਾਰ ਅਤੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਬੱਚੀ ਬੁੱਧਵਾਰ ਸ਼ਾਮ ਤੋਂ ਲਾਪਤਾ ਸੀ। ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੇ ਲਾਪਤਾ ਹੋਣ ਤੋਂ ਕੁਝ ਦੇਰ ਬਾਅਦ ਹੀ ਪਰਿਵਾਰ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਪੁਲਸ ਨੇ ਦੱਸਿਆ ਕਿ ਨਾਬਾਲਗ ਦੀ ਲਾਸ਼ ਸਵੇਰੇ ਸਥਾਨਕ ਲੋਕਾਂ ਨੂੰ ਕਰਵੀਰ ਤਾਲੁਕਾ ਦੇ ਸ਼ੀਏ ਪਿੰਡ 'ਚ ਉਸ ਦੇ ਘਰ ਤੋਂ ਸਿਰਫ 800 ਮੀਟਰ ਦੀ ਦੂਰੀ 'ਤੇ ਗੰਨੇ ਦੇ ਖੇਤ 'ਚ ਮਿਲੀ। ਅਧਿਕਾਰੀ ਨੇ ਕਿਹਾ, “ਇਹ ਸਾਬਤ ਹੋ ਗਿਆ ਹੈ ਕਿ ਲੜਕੀ ਦੇ ਚਾਚੇ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਫਿਰ ਉਸਦਾ ਗਲਾ ਘੁੱਟਿਆ”। ਦੋਸ਼ੀ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਕਰ ਲਈ ਹੈ।'' ਅਧਿਕਾਰੀ ਮੁਤਾਬਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਚਾਚਾ ਨੇ ਉਸ ਦੀ ਮਾਂ ਨੂੰ ਝੂਠ ਬੋਲਿਆ ਸੀ ਕਿ ਲੜਕੀ ਉਸ ਦੇ ਝਿੜਕਣ ਕਾਰਨ ਗੁੱਸੇ 'ਚ ਚਲੀ ਗਈ ਸੀ। ਪੁਲਸ ਮੁਤਾਬਕ ਲੜਕੀ ਦੇ ਮਾਤਾ-ਪਿਤਾ ਸ਼ਿਰੋਲੀ ਐੱਮ.ਆਈ.ਡੀ.ਸੀ. ਇਲਾਕੇ 'ਚ ਇਕ ਉਦਯੋਗਿਕ ਇਕਾਈ 'ਚ ਕੰਮ ਕਰਦੇ ਹਨ।

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਹੱਤਿਆ ਤੋਂ ਪਹਿਲਾਂ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਫੜਨਵੀਸ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ਲੜਕੀ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਉਸ ਦੇ ਚਾਚੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਹ ਘਰੋਂ ਚਲਾ ਗਿਆ। ਬੁੱਧਵਾਰ ਰਾਤ ਕਰੀਬ 10 ਵਜੇ ਸਥਾਨਕ ਥਾਣੇ 'ਚ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ। ਅੱਜ ਸਵੇਰੇ ਉਸਦੀ ਲਾਸ਼ ਮਿਲੀ ਅਤੇ ਪੁਲਸ ਨੂੰ ਲੜਕੀ ਦੇ ਜਿਨਸੀ ਸ਼ੋਸ਼ਣ ਦਾ ਸ਼ੱਕ ਹੈ। ਪੁਲਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਫੜਨਵੀਸ ਨੇ ਕਿਹਾ, "ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।" ਅਸੀਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਾਂਗੇ।


author

Inder Prajapati

Content Editor

Related News