ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫ਼ਾ ਸਵੀਕਾਰ, ਰਮੇਸ਼ ਬੈਸ ਬਣੇ ਮਹਾਰਾਸ਼ਟਰ ਦੇ ਨਵੇਂ ਰਾਜਪਾਲ

02/12/2023 10:21:04 AM

ਮਹਾਰਾਸ਼ਟਰ (ਭਾਸ਼ਾ)- ਰਾਸ਼ਟਰਪਤੀ ਭਵਨ ਨੇ ਐਤਵਾਰ ਨੂੰ ਸੂਬਿਆਂ ਲਈ 12 ਰਾਜਪਾਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਇਕ ਉੱਪ ਰਾਜਪਾਲ ਦੇ ਅਹੁਦੇ 'ਤੇ ਨਿਯੁਕਤੀ ਲਈ ਨਾਵਾਂ ਦਾ ਐਲਾਨ ਕੀਤਾ। ਰਾਸ਼ਟਰਪਤੀ ਭਵਨ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਭਗਤ ਸਿੰਘ ਕੋਸ਼ਿਆਰੀ ਅਤੇ ਲੱਦਾਖ ਦੇ ਉੱਪ ਰਾਜਪਾਲ ਵਜੋਂ ਰਾਧਾ ਕ੍ਰਿਸ਼ਨਨ ਮਾਥੁਰ ਦੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਹੈ। ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਹੁਣ ਮਹਾਰਾਸ਼ਟਰ ਦੇ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾਮੁਕਤ), ਜੋ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਹਨ ਨੂੰ ਲੱਦਾਖ ਦਾ ਉੱਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬਿਆਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੱਜ (ਸੇਵਾਮੁਕਤ) ਐੱਸ. ਅਬਦੁੱਲ ਨਜ਼ੀਰ ਨੂੰ ਆਂਧਰਾ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਜਨਰਲ ਕੈਵਲਯ ਤ੍ਰਿਵਿਕਰਮ ਪਰਨਾਈਕ, ਪੀ.ਵੀ.ਐੱਸ.ਐੱਮ., ਯੂ.ਵਾਈ.ਐੱਸ.ਐੱਮ., ਵਾਈ.ਐੱਸ.ਐੱਮ. (ਸੇਵਾਮੁਕਤ) ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ, ਲਕਸ਼ਮਣ ਪ੍ਰਸਾਦ ਆਚਾਰੀਆ ਨੂੰ ਸਿੱਕਮ ਦਾ ਰਾਜਪਾਲ, ਸੀਪੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ ਦਾ ਰਾਜਪਾਲ, ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ, ਗੁਲਾਬ ਚੰਦ ਕਟਾਰੀਆ ਨੂੰ ਆਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਈ ਰਾਜਪਾਲਾਂ ਨੂੰ ਵੱਖ-ਵੱਖ ਸੂਬਿਆਂ ਦਾ ਚਾਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਬਿਸਵਾ ਭੂਸ਼ਣ ਹਰਿਚੰਦਨ ਨੂੰ ਹੁਣ ਛੱਤੀਸਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਛੱਤੀਸਗੜ੍ਹ ਦੀ ਰਾਜਪਾਲ ਸੁਸ਼੍ਰੀ ਅਨੁਸੁਈਆ ਉਈਕੇ ਨੂੰ ਮਣੀਪੁਰ ਦੀ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਮਣੀਪੁਰ ਦੇ ਰਾਜਪਾਲ ਲਾ ਗਣੇਸ਼ਨ ਨੂੰ ਛੱਤੀਸਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਹੁਣ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ,''ਉਪਰੋਕਤ ਨਿਯੁਕਤੀਆਂ ਉਨ੍ਹਾਂ ਦੇ ਸੰਬੰਧਤ ਦਫ਼ਤਰਾਂ ਦਾ ਅਹੁਦਾ ਸੰਭਾਲਣ ਦੀ ਤਾਰੀਖ਼ ਤੋਂ ਪ੍ਰਭਾਵੀ ਹੋਣਗੀਆਂ।''


DIsha

Content Editor

Related News