ਰਾਮ ਜਨਮਭੂਮੀ ਮੰਦਰ ਦਾ ਗਰਭ ਗ੍ਰਹਿ ਤਿਆਰ, ਇਸ ਸ਼ੁੱਭ ਮਹੂਰਤ ''ਚ ਸਥਾਪਤ ਹੋਵੇਗੀ ਰਾਮ ਲੱਲਾ ਦੀ ਮੂਰਤੀ
Monday, Aug 21, 2023 - 10:58 AM (IST)
ਅਯੁੱਧਿਆ- ਅਯੁੱਧਿਆ 'ਚ ਬਣ ਰਹੇ ਸ਼੍ਰੀਰਾਮ ਜਨਮਭੂਮੀ ਮੰਦਰ ਦਾ ਗਰਭ ਗ੍ਰਹਿ ਤਿਆਰ ਹੋ ਗਿਆ ਹੈ। ਮੰਦਰ ਦੀ ਪਹਿਲੀ ਮੰਜ਼ਿਲ ਦਾ ਨਿਰਮਾਣ ਪੂਰਾ ਹੋਣ ਨਾਲ ਹੀ ਅਗਲੇ ਸਾਲ ਮਕਰ ਸੰਕ੍ਰਾਂਤੀ ਮਗਰੋਂ 16 ਤੋਂ 24 ਜਨਵਰੀ ਦਰਮਿਆਨ ਰਾਮ ਲੱਲਾ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਰਾਮ ਮੰਦਰ ਤੀਰਥ ਖੇਤਰ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਨੇ ਸੰਤਾਂ ਨਾਲ ਮਿਲ ਕੇ ਉਨ੍ਹਾਂ ਨੂੰ ਮੰਦਰ ਦੀ ਉਸਾਰੀ ਦੀ ਤਰੱਕੀ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਸਥਾਪਨਾ ਸਮਾਰੋਹ 'ਚ ਆਉਣ ਦਾ ਸੱਦਾ ਵੀ ਦਿੱਤਾ। ਚੰਪਤ ਰਾਏ ਨੇ ਕਿਹਾ ਕਿ ਕਰੋੜਾਂ ਰਾਮ ਭਗਤਾਂ ਦਾ ਸੁਫ਼ਨਾ ਹੁਣ ਪੂਰਾ ਹੋਣ ਵਾਲਾ ਹੈ। ਸਾਲਾਂ ਤੱਕ ਚਲੇ ਵਿਵਾਦ ਮਗਰੋਂ ਰਾਮ ਲੱਲਾ ਹੁਣ ਅਯੁੱਧਿਆ ਵਿਚ ਆਪਣੇ ਮੰਦਰ 'ਚ ਬਿਰਾਜਮਾਨ ਹੋਣ ਵਾਲੇ ਹਨ।
ਰਾਏ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਤੋਂ ਬਾਅਦ 16 ਤੋਂ 24 ਜਨਵਰੀ 2024 ਦਰਮਿਆਨ ਕਿਸੇ ਵੀ ਤਾਰੀਖ ਨੂੰ ਰਾਮ ਲੱਲਾ ਦੀ ਮੂਰਤੀ ਨੂੰ ਮੰਦਰ ਦੇ ਪਾਵਨ ਅਸਥਾਨ ਸਥਾਪਤ ਕੀਤਾ ਜਾਵੇਗਾ। ਮੂਰਤੀ ਸਥਾਪਨਾ ਨੂੰ ਲੈ ਕੇ ਨਵੰਬਰ ਵਿਚ ਰਸਮੀ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੂਰਤੀ ਸਥਾਪਨਾ ਸਮਾਗਮ ਲਈ ਦੇਸ਼ ਦੇ ਸਾਰੇ ਪਰੰਪਰਾਵਾਂ ਦੇ ਸਾਧੂ-ਸੰਤਾਂ ਨੂੰ ਸੱਦਾ ਦਿੱਤਾ ਜਾਵੇਗਾ। ਸੰਤਾਂ ਨੂੰ ਮੰਦਰ ਦੀ ਉਸਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਵਿੱਤਰ ਅਸਥਾਨ ਜਿੱਥੇ ਰਾਮ ਲੱਲਾ ਦੀ ਵਿਸ਼ਾਲ ਮੂਰਤੀ ਸਥਾਪਤ ਕੀਤੀ ਜਾਵੇਗੀ, ਉਹ ਪਾਵਨ ਅਸਥਾਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾ ਮੰਦਰ ਦੀ ਪਹਿਲੀ ਮੰਜ਼ਿਲ ਦੀ ਛੱਤ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਰਾਏ ਨੇ ਦੱਸਿਆ ਕਿ ਮੰਦਰ 'ਚ ਸ਼ਰਧਾਲੂਆਂ ਦੇ ਦਰਸ਼ਨਾਂ ਦੇ ਨਾਲ-ਨਾਲ ਇਸ ਦੀ ਉਸਾਰੀ ਦਾ ਕੰਮ ਵੀ ਜਾਰੀ ਰਹੇਗਾ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ।
ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਨੇ ਆਪਣੇ ਮੰਦਰ ਦੇ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਚੰਪਤ ਰਾਏ ਨੂੰ ਦਿੱਤੀ ਹੈ ਅਤੇ ਸਾਡਾ ਭਰੋਸਾ ਹੈ ਕਿ ਉਨ੍ਹਾਂ (ਚੰਪਤ ਰਾਏ) ਦੇ ਵੇਖਣ ਮਾਤਰ ਹੀ ਸੰਤਾਂ ਨੂੰ ਭਗਵਾਨ ਰਾਮ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਾਧੂ, ਸੰਤ ਅਤੇ ਰਾਮ ਨੂੰ ਮੰਨਣ ਵਾਲੇ ਲੋਕਾਂ ਨੂੰ ਅਯੁੱਧਿਆ 'ਚ ਬਣਾਏ ਜਾ ਰਹੇ ਵਿਸ਼ਾਲ ਰਾਮ ਮੰਦਰ ਵਿਚ ਮੂਰਤੀ ਦੀ ਸਥਾਪਨਾ ਅਤੇ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਮਹੰਤ ਪੁਰੀ ਨੇ ਆਸ ਪ੍ਰਗਟਾਈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ ਅਤੇ ਭਾਰਤ ਵਿਕਾਸ ਦੀ ਰਾਹ 'ਤੇ ਅੱਗੇ ਵਧਦਾ ਰਹੇਗਾ।