40 ਦਿਨਾਂ ਤਕ ਹਨੀਪ੍ਰੀਤ ਨਾਲ ਬਰਨਾਵਾ ਆਸ਼ਰਮ ’ਚ ਰਹੇਗਾ ਰਾਮ ਰਹੀਮ, ਕੱਲ੍ਹ ਹੀ ਆਇਆ ਸੀ ਜੇਲ੍ਹ ’ਚੋਂ ਬਾਹਰ
Sunday, Jan 22, 2023 - 06:09 PM (IST)
ਸਿਰਸਾ– ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 57 ਦਿਨਾਂ ’ਚ ਡੇਰਾ ਮੁਖੀ ਜੇਲ੍ਹ ’ਚੋਂ ਦੂਜੀ ਵਾਰ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਸਨੂੰ ਪਿਛਲੇ ਸਾਲ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਉਹ ਪੈਰੋਲ ਦੀ ਮਿਆਦ ਖਤਮ ਹੋਣ ’ਤੇ 25 ਨਵੰਬਰ 2022 ਨੂੰ ਮੁੜ ਜੇਲ੍ਹ ਗਿਆ ਸੀ। ਉਸਦੀ ਪੈਰੋਲ ਅਰਜ਼ੀ ਸਵੀਕਾਰ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਰਾਮ ਰਹੀਮ ਬਾਹਰ ਨਿਕਲਿਆ। ਇਸ ਤੋਂ ਬਾਅਦ ਉਸਨੂੰ ਸਖ਼ਤ ਸੁਰੱਖਿਆ ਵਿਚਕਾਰ ਉੱਤਰ-ਪ੍ਰਦੇਸ਼ ਦੇ ਬਾਗਪਤ ’ਚ ਸਥਿਤ ਬਰਨਾਵਾ ਆਸ਼ਰਮ ’ਚ ਲਿਜਾਇਆ ਗਿਆ। ਇਸ ਦੌਰਾਨ ਉਸਦੇ ਨਾਲ ਉਸਦੀ ਮੁੰਹ ਬੋਲੀ ਧੀ ਹਨੀਪ੍ਰੀਤ ਵੀ ਸੀ। ਰਾਮ ਰਹੀਮ ਦੇ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੇਟਸ ਅਪਲੋਡ ਕੀਤਾ ਅਤੇ ਰਾਮ ਰਹੀਮ ਦੇ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ।
ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਾਧਵੀ ਨਾਲ ਜ਼ਬਰ-ਜਿਨਾਹ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਉਹ ਰੋਹਤ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਪਿਛਲੇ ਸਾਲ ਉਸਨੂੰ 3 ਵਾਰ ਪੈਰੋਲ ਮਿਲੀ ਸੀ। ਅਜਿਹੀ ਜਾਣਕਾਰੀ ਮਿਲੀ ਹੈ ਕਿ ਰਾਮ ਰਹੀਮ ਆਪਣੀ ਪੈਰੋਲ ਮਿਆਦ ਦੌਰਾਨ ਬਾਗਪਤ ਦੇ ਆਸ਼ਰਮ ’ਚ ਰਹੇਗਾ। ਪਿਛਲੀ ਵਾਰ ਰਾਮ ਰਹੀਮ ਨੂੰ ਅਕਤੂਬਰ 2022 ’ਚ 40 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਇਸ ਪੈਰੋਲ ਦੌਰਾਨ ਉਸਨੇ ਆਨਲਾਈਨ ਸਤਸੰਗ ਵੀ ਕੀਤੀ ਸੀ।
ਸਿਰਸਾ ਆਸ਼ਰਮ ’ਚ ਵੀ ਆਉਣ ਦੀਆਂ ਚਰਚਾਵਾਂ
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ 3 ਦਿਨ ਪਹਿਲਾਂ ਜੇਲ੍ਹ ਪ੍ਰਸ਼ਾਸਨ ਕੋਲ ਪੈਰੋਲ ਦੀ ਅਰਜ਼ੀ ਲਗਾਈਸੀ। ਆਪਣੀ ਅਜ਼ੀ ’ਚ ਉਸੇ 25 ਜਨਵਰੀ ਨੂੰ ਸਿਰਸਾ ’ਚ ਹੋਣ ਵਾਲੇ ਭੰਡਾਰੇ ਅਤੇ ਸਤਸੰਗ ’ਚ ਸ਼ਾਮਲ ਹੋਣ ਨੂੰ ਲੈ ਕੇ ਪੈਰੋਲ ਮੰਗੀ ਸੀ। 25 ਜਨਵਰੀ ਨੂੰ ਡੇਰੇ ਦੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦਾ ਜਨਮਦਿਨ ਹੁੰਦਾ ਹੈ ਅਤੇ ਇਸ ਦਿਨ ਡੇਰਾ ਸੱਚਾ ਸੌਦਾ ਸਿਰਸਾ ’ਚ ਭੰਡਾਰੇ ਅਤੇ ਸਤਸੰਗ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਤਸੰਗ ਪ੍ਰੋਗਰਾਮ ’ਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਸ਼ਿਰਕਤ ਕਰਦੇ ਹਨ। ਅਜਿਹੇ ’ਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਰਾਮ ਰਹੀਮ ਸਿਰਸਾ ਆ ਸਕਦਾ ਹੈ। ਹਾਲਾਂਕਿ ਅਜੇ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਫਿਲਹਾਲ ਡੇਰਾ ਮੁਖੀ ਦੀ ਪੈਰੋਲ ਤੋਂ ਬਾਅਦ ਡੇਰੇ ’ਚ ਵੀ ਸੁਰੱਖਿਆ ਵਿਵਸ਼ਤਾ ਸਖ਼ਤ ਕਰ ਦਿੱਤੀ ਗਈ ਹੈ ਅਤੇ ਖੂਫੀਆ ਤੰਤਰ ਸਰਗਮ ਹੋ ਗਿਆ ਹੈ।