10ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਭਗਤਾਂ ਨਾਲ ਕੇਕ ਕੱਟ ਮਨਾਏਗਾ ਜਨਮ ਦਿਨ
Wednesday, Aug 14, 2024 - 05:14 AM (IST)
ਚੰਡੀਗੜ੍ਹ (ਅੰਕੁਰ ) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਕ ਵਾਰ ਫਿਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਗਿਆ ਹੈ। ਉਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਮੰਗਲਵਾਰ ਸ਼ਾਮ ਕਰੀਬ 6.30 ਵਜੇ ਉਸ ਨੂੰ ਪੁਲਸ ਸੁਰੱਖਿਆ ਵਿਚਕਾਰ ਬਾਹਰ ਕੱਢਿਆ ਗਿਆ। ਫਰਲੋ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਬਰਨਾਵਾ ਆਸ਼ਰਮ ’ਚ ਹੀ ਰਹੇਗਾ। 15 ਅਗਸਤ ਨੂੰ ਉਹ ਆਪਣਾ ਜਨਮ ਦਿਨ ਆਪਣੇ ਪਰਿਵਾਰਕ ਮੈਂਬਰਾਂ ਤੇ ਭਗਤਾਂ ਨਾਲ ਮਨਾਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਉਸ ਦਾ ਜਨਮ ਦਿਨ ਡੇਰੇ ਦੇ ਸ਼ਰਧਾਲੂਆਂ ਵੱਲੋਂ ਬੜੇ ਵੱਡੇ ਪੱਧਰ ’ਤੇ ਭੰਡਾਰੇ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਡੇਰਾ ਮੁਖੀ 2017 ਤੋਂ ਰੋਹਤਕ ਜੇਲ 'ਚ ਬੰਦ ਹੈ। ਇਸ ਵਾਰ ਉਹ 10ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਸ ਨੂੰ 21 ਨਵੰਬਰ 2023 ਨੂੰ 21 ਦਿਨਾਂ ਲਈ ਫਰਲੋ ਦਿੱਤੀ ਗਈ ਸੀ। ਹਰ ਵਾਰ ਉਸ ਨੂੰ ਪੈਰੋਲ ਦੇਣ 'ਤੇ ਸਵਾਲ ਉਠਾਏ ਜਾਂਦੇ ਹਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਵਾਰ-ਵਾਰ ਪੈਰੋਲ ਤੇ ਫਰਲੋ ਦਿੱਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਡੇਰਾ ਮੁਖੀ ਨੂੰ ਫਰਲੋ ਜਾਂ ਪੈਰੋਲ ਦੇਣ ਬਾਰੇ ਸਮਰੱਥ ਅਥਾਰਟੀ ਵੱਲੋਂ ਨਿਯਮਾਂ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਹਾਈ ਕੋਰਟ 'ਚ ਸਪੱਸ਼ਟ ਕੀਤਾ ਸੀ ਕਿ ਸਿਰਫ਼ ਰਾਮ ਰਹੀਮ ਨੂੰ ਹੀ ਨਹੀਂ ਸਗੋਂ ਕਤਲ ਤੇ ਜਬਰ ਜਨਾਹ ਵਰਗੇ ਮਾਮਲਿਆਂ ’ਚ ਸਜ਼ਾ ਕੱਟ ਰਹੇ 80 ਤੋਂ ਵੱਧ ਕੈਦੀਆਂ ਨੂੰ ਨਿਯਮਾਂ ਮੁਤਾਬਕ ਪੈਰੋਲ ਜਾਂ ਫਰਲੋ ਦੀ ਸਹੂਲਤ ਦਿੱਤੀ ਗਈ ਹੈ।